ਪਟਨਾ, 15 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਬਿਹਾਰ ਦੇ ਮੋਤੀਹਾਰੀ 'ਚ 24 ਘੰਟਿਆਂ 'ਚ ਨਕਲੀ ਸ਼ਰਾਬ ਨਾਲ 16 ਲੋਕਾਂ ਦੀ ਮੌਤ ਹੋ ਗਈ ਹੈ। ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਸਾਰਿਆਂ ਦਾ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਣਕ ਵੱਢਣ ਤੋਂ ਬਾਅਦ ਸਾਰਿਆਂ ਨੇ ਸ਼ਰਾਬ ਪੀਤੀ ਸੀ। ਵੀਰਵਾਰ ਰਾਤ ਤੋਂ ਹੀ ਸਾਰਿਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਫਿਰ ਇਕ-ਇਕ ਕਰਕੇ 16 ਲੋਕਾਂ ਦੀ ਮੌਤ ਹੋ ਗਈ।ਇਸ ਮਾਮਲੇ ਦੀ ਜਾਂਚ ਲਈ ਪਟਨਾ ਤੋਂ ਪ੍ਰੋਹਿਬਿਸ਼ਨ ਯੂਨਿਟ ਦੀ ਵਿਸ਼ੇਸ਼ ਟੀਮ ਮੋਤੀਹਾਰੀ ਜਾ ਰਹੀ ਹੈ। ਵਿਸ਼ੇਸ਼ ਟੀਮ ਵਿੱਚ 5 ਪੁਲਿਸ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਵਿੱਚ 2 ਡੀਐਸਪੀ ਅਤੇ 3 ਇੰਸਪੈਕਟਰ ਹਨ। ਡੀਐਮ-ਐਸਪੀ ਦਾ ਕਹਿਣਾ ਹੈ ਕਿ ਮੌਤਾਂ ਡਾਇਰੀਆ-ਫੂਡ ਪੋਇਜ਼ਨਿੰਗ ਕਾਰਨ ਹੋਈਆਂ ਹਨ।ਸ਼ਰਾਬ ਦੀ ਪਾਰਟੀ ਵਿੱਚ ਸ਼ਾਮਲ ਹੋਏ ਵਿਨੋਦ ਪਾਸਵਾਨ ਨੇ ਦੱਸਿਆ ਕਿ ਜਟਾ ਰਾਮ ਨੇ ਸਾਨੂੰ ਸਾਰਿਆਂ ਨੂੰ ਬਾਲਗੰਗਾ ਵਿਖੇ ਕਣਕ ਵੱਢਣ ਲਈ ਬੁਲਾਇਆ ਸੀ। ਉੱਥੇ ਕੰਮ ਕਰਨ ਤੋਂ ਬਾਅਦ ਸਾਰਿਆਂ ਨੇ ਇਕੱਠੇ ਸ਼ਰਾਬ ਪੀਤੀ। ਫਿਰ ਉਥੋਂ ਘਰ ਚਲੇ ਗਏ। ਜਿਵੇਂ-ਜਿਵੇਂ ਰਾਤ ਬੀਤਦੀ ਗਈ, ਸਾਰਿਆਂ ਦੀ ਹਾਲਤ ਵਿਗੜਣ ਲੱਗੀ। ਜਟਾ ਰਾਮ, ਧਰੂਪ ਪਾਸਵਾਨ, ਅਸ਼ੋਕ ਪਾਸਵਾਨ ਅਤੇ ਛੋਟੂ ਦੀ ਮੌਤ ਹੋ ਗਈ ਹੈ।ਸਭ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਤੱਕ 8 ਲੋਕਾਂ ਦੀ ਜਾਨ ਚਲੀ ਗਈ।ਅੱਜ ਸ਼ਨੀਵਾਰ ਸਵੇਰੇ ਇਹ ਅੰਕੜਾ ਵਧ ਕੇ 16 ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਬਿਨਾਂ ਪੋਸਟਮਾਰਟਮ ਕੀਤੇ 7 ਲੋਕਾਂ ਦੀਆਂ ਲਾਸ਼ਾਂ ਨੂੰ ਜਲਾ ਦਿੱਤਾ।