ਮੁੰਬਈ, 15 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਰਾਏਗੜ੍ਹ 'ਚ ਅੱਜ ਸ਼ਨੀਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਖਾਪੋਲੀ ਇਲਾਕੇ ਵਿੱਚ ਇੱਕ ਬੱਸ ਸੜਕ ਤੋਂ ਉਤਰ ਕੇ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 25 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਬੱਸ 'ਚ ਸਵਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਦੱਸਿਆ ਗਿਆ ਹੈ ਕਿ ਬਚਾਅ ਕਾਰਜ ਜਾਰੀ ਹੈ।ਪੁਲਿਸ ਮੁਤਾਬਕ ਪ੍ਰਾਈਵੇਟ ਬੱਸ ਪੁਣੇ ਤੋਂ ਮੁੰਬਈ ਜਾ ਰਹੀ ਸੀ। ਮੁੰਬਈ-ਪੁਣੇ ਹਾਈਵੇਅ 'ਤੇ ਸ਼ਿੰਗਰੋਬਾ ਮੰਦਿਰ ਨੇੜੇ ਡਰਾਇਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਸੜਕ ਤੋਂ ਦੂਰ ਖੱਡ 'ਚ ਜਾ ਡਿੱਗੀ। ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਬਚਾਅ ਕਰਮਚਾਰੀ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਪਹੁੰਚਾਉਣ ਦਾ ਕੰਮ ਜਾਰੀ ਰੱਖੇ ਹੋਏ ਹਨ।