ਨਵੀਂ ਦਿੱਲੀ, 6 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਭਾਰਤੀ ਜਨਤਾ ਪਾਰਟੀ ਦੇ ਰੋਹਤਾਸ਼ ਨਗਰ ਤੋਂ ਵਿਧਾਇਕ ਜਿਤੇਂਦਰ ਮਹਾਜਨ ਦੇ ਪਿਤਾ ਨੂੰ ਨਕਲੀ ਇੰਜੈਕਸ਼ਨ ਲਗਾਉਣ ਕਾਰਨ ਮੌਤ ਹੋ ਗਈ। ਟੀਕੇ ਦੀ ਕੀਮਤ ਢਾਈ ਲੱਖ ਰੁਪਏ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਵਿਧਾਇਕ ਦੀ ਸ਼ਿਕਾਇਤ ਉਤੇ ਜੋਯਤੀ ਨਗਰ ਥਾਣਾ ਪੁਲਿਸ ਨੇ ਮੈਡੀਕਲ ਸਟੋਰ ਦੇ ਸੰਚਾਲਕ ਖਿਲਾਫ ਗੈਰ ਇਰਾਦਾ ਕਤਲ, ਧੋਖਾਧੜੀ ਅਤੇ ਹੋਰ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਕੰਪਨੀ ਵੱਲੋਂ ਹੁਣ ਜਾਂਚ ਵਿੱਚ ਪਤਾ ਚਲਿਆ ਹੈ ਕਿ ਟੀਕਾ ਭਾਰਤੀ ਲੋਕਾਂ ਲਈ ਨਹੀਂ ਸੀ। ਕੰਪਨੀ ਨੇ ਤੁਰਕੀ ਦੇ ਲੋਕਾਂ ਲਈ ਇਸ ਨੂੰ ਬਣਾਇਆ ਸੀ। ਫਿਲਹਾਲ ਡਰੱਗ ਕੰਟਰੋਲ ਵਿਭਾਗ ਨੇ 7 ਅਪ੍ਰੈਲ ਤੱਕ ਮੈਡੀਕਲ ਸਟੋਰ ਦਾ ਲਾਈਸੈਂਸ ਰੱਦ ਕਰ ਦਿੱਤਾ ਹੈ। ਵਿਧਾਇਕ ਜਿਤੇਂਦਰ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਫੇਫੜਿਆਂ ਦਾ ਕੈਂਸਰ ਸੀ। ਗਾਜ਼ੀਆਬਾਦ ਅਤੇ ਨੋਇਡਾ ਦੇ ਵੱਡੇ ਵੱਡੇ ਹਸਪਤਾਲਾਂ ਵਿੱਚ ਉਸਦਾ ਇਲਾਜ ਚਲ ਰਿਹਾ ਸੀ।
30 ਦਸੰਬਰ 2021 ਨੂੰ ਡਾਕਟਰਾਂ ਨੇ ਇਕ ਟੀਕਾ ਲਿਖਿਆ ਸੀ। ਡਾਕਟਰ ਦਾ ਕਹਿਣਾ ਸੀ ਕਿ ਟੀਕੇ ਅਤੇ ਦਵਾਈ ਲੈਣ ਬਾਅਦ ਸਿਹਤ ਵਿਚ ਸੁਧਾਰ ਹੋ ਜਾਵੇਗਾ। ਵਿਧਾਇਕ ਨੇ ਅੱਠ ਜਨਵਰੀ 2022 ਨੂੰ ਜੋਯਤੀ ਨਗਰ ਦੇ ਦੁਰਗਾਪੁਰੀ ਐਕਸਟੇਂਸ਼ਨ ਸਥਿਤ ਇਕ ਮੈਡੀਕਲ ਸਟੋਰ ਤੋਂ 2.35 ਲੱਖ ਰੁਪਏ ਦਾ ਟੀਕਾ ਲਿਆ ਸੀ। 13 ਜਨਵਰੀ ਨੂੰ ਟੀਕਾ ਲਗਾਉਣ ਦੇ ਬਾਅਦ ਉਨ੍ਹਾਂ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਲੱਗੀ। 26 ਜਨਵਰੀ 2022 ਨੂੰ ਪਿਤਾ ਦੀ ਮੌਤ ਹੋ ਗਈ।