ਵਿਰੋਧੀ ਪਾਰਟੀਆਂ ਦੇ ਆਗੂ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਪੈਦਲ ਮਾਰਚ ਕਰਨਗੇ
ਨਵੀਂ ਦਿੱਲੀ,6 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦਾ ਅੱਜ ਆਖਰੀ ਦਿਨ ਹੈ। ਇਸ ਦੀ ਸ਼ੁਰੂਆਤ 13 ਮਾਰਚ ਨੂੰ ਹੋਈ ਸੀ। ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੁਣ ਤੱਕ ਬਹੁਤ ਘੱਟ ਕੰਮ ਹੋਇਆ ਹੈ।ਅੱਜ ਅਡਾਨੀ-ਹਿੰਡਨਬਰਗ ਮਾਮਲੇ 'ਤੇ ਫਿਰ ਹੰਗਾਮੇ ਦੇ ਆਸਾਰ ਹਨ। ਪਿਛਲੀਆਂ 14 ਮੀਟਿੰਗਾਂ ਦੌਰਾਨ ਅਡਾਨੀ-ਹਿੰਡਨਬਰਗ ਮਾਮਲੇ 'ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਮੰਗ ਅਤੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਨੂੰ ਲੈ ਕੇ ਦੋਵਾਂ ਸਦਨਾਂ 'ਚ ਕਾਫੀ ਹੰਗਾਮਾ ਹੋਇਆ। ਲੰਡਨ 'ਚ ਰਾਹੁਲ ਗਾਂਧੀ ਦੇ ਬਿਆਨ 'ਤੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਵੀ ਕਾਫੀ ਹੰਗਾਮਾ ਕੀਤਾ। ਹਾਲਾਂਕਿ ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਭਾਜਪਾ ਸ਼ਾਂਤ ਹੈ।ਰਿਪੋਰਟਾਂ ਮੁਤਾਬਕ ਅੱਜ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਤਿਰੰਗੇ ਝੰਡੇ ਨਾਲ ਸੰਸਦ ਭਵਨ ਤੋਂ ਵਿਜੇ ਚੌਕ ਜਾਂ ਕਾਂਸਟੀਚਿਊਸ਼ਨ ਕਲੱਬ ਤੱਕ ਪੈਦਲ ਮਾਰਚ ਕਰਨਗੇ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਵਿਜੇ ਚੌਕ ਜਾਂ ਕਾਂਸਟੀਚਿਊਸ਼ਨ ਕਲੱਬ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਹਨ।