ਨਵੀਂ ਦਿੱਲੀ, 5 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬੇਂਗਲੁਰੂ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਰਾਤੋ ਰਾਤ ਅਜਿਹੀ ਕਿਸਮਤ ਬਦਲੀ ਕਿ ਇਕ ਦਿਨ ਵਿੱਚ ਕਰੋੜਪਤੀ ਬਣ ਗਿਆ। ਬੇਂਗਲੁਰੂ ਦੇ ਅਰੁਣ ਕੁਮਾਰ ਦੀ 44 ਕਰੋੜ 75 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਅਬੂ ਧਾਬੀ ਵਿੱਚ ਆਯੋਜਿਤ ਇਕ ਪ੍ਰੋਗਰਾਮ ਵਿੱਚ ਕੱਢੇ ਗਏ ਡਰਾਅ ਦੇ ਜੇਤੂ ਦਾ ਐਲਾਨ ਕੀਤਾ ਗਿਆ। ਅਰੁਣ ਕੁਮਾਰ ਨੇ 22 ਮਾਰਚ ਨੂੰ 261031 ਨੰਬਰ ਵਾਲੀ ਲਾਟਰੀ ਟਿਕਟ ਖਰੀਦੀ ਸੀ। ਉਸਨੇ ਇਹ ਟਿਕਟ ਆਨਲਾਈਨ ਖਰੀਦੀ ਸੀ। ਇਹ ਟਿਕਟ ਉਸ ਨੇ ਇਕ ਨਾਲ ਇਕ ਮੁਫਤ ਵਾਲੀ ਟਿਕਟ ਖਰੀਦੀ ਸੀ। ਜੋ ਇਨਾਮ ਨਿਕਲਿਆ ਹੈ ਉਹ ਵੀ ਮੁਫਤ ਵਾਲੀ ਟਿਕਟ ਉਤੇ ਹੀ ਨਿਕਲਿਆ ਹੈ।
ਗਲਬ ਨਿਊਜ਼ ਮੁਤਾਬਕ ਅਰੁਣ ਨੇ ਟਿਕਟ ਦੂਜੀ ਵਾਰ ਖਰੀਦੀ ਸੀ। ਜਦੋਂ ਇਨਾਮ ਕੱਢਿਆ ਗਿਆ ਤਾਂ ਸ਼ੋਅ ਹੋਸਟ ਨੇ ਅਰੁਣ ਕੁਮਾਰ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਪਹਿਲਾਂ ਤਾਂ ਅਰੁਣ ਨੂੰ ਲੱਗਿਆ ਕਿ ਇਸ ਤਰ੍ਹਾਂ ਫੋਨ ਕਰਕੇ ਕੋਈ ਉਸ ਨਾਲ ਮਜ਼ਾਕ ਕਰ ਰਿਹਾ ਹੈ। ਫੋਨ ਕੱਟ ਦਿੱਤਾ ਅਤੇ ਨੰਬਰ ਵੀ ਬਲੌਕ ਕਰ ਦਿੱਤਾ। ਉਨ੍ਹਾਂ ਖਲੀਜ ਟਾਈਮਜ਼ ਨੂੰ ਦੱਸਿਆ, ਬਿਕ ਟਿਕਟ ਤੋਂ ਫੋਨ ਆਇਆ ਤਾਂ ਮੈਨੂੰ ਲੱਗਿਆ ਕਿ ਇਹ ਕੋਈ ਮਜ਼ਾਕ ਕਰ ਰਿਹਾ ਹੈ। ਇਸ ਤੋਂ ਬਾਅਦ ਅਸੀਂ ਨੰਬਰ ਬਲੌਕ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਦੂਜੇ ਨੰਬਰ ਤੋਂ ਫੋਨ ਆ ਗਿਆ ਤਾਂ ਮੈਨੂੰ ਵਿਸ਼ਵਾਸ ਹੋਇਆ। ਅਰੁਣ ਕੁਮਾਰ ਦਾ ਕਹਿਣਾ ਹੈ ਕਿ ਉਹ ਇਸ ਪੈਸੇ ਨਾਲ ਆਪਣਾ ਕਰੋਬਾਰ ਕਰਨਗੇ।