ਕੋਲਕਾਤਾ,4 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਪੱਛਮੀ ਬੰਗਾਲ ਵਿੱਚ ਲਗਾਤਾਰ ਤੀਜੇ ਦਿਨ ਹਿੰਸਾ ਹੋਈ। ਹੁਗਲੀ ਦੇ ਰਿਸ਼ਰਾ ਇਲਾਕੇ 'ਚ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਦੇ ਬਾਹਰ ਪੱਥਰਬਾਜ਼ੀ ਹੋਈ। ਜਿਸ ਕਾਰਨ ਰੇਲਵੇ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਪੱਥਰਬਾਜ਼ੀ ਸਟੇਸ਼ਨ ਦੇ ਗੇਟ ਨੰਬਰ 4 ਦੇ ਬਾਹਰ ਹੋਈ।ਹਾਵੜਾ-ਬਰਦਮਾਨ ਮਾਰਗ 'ਤੇ ਸਾਰੀਆਂ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਇਹ ਕਦਮ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਗਿਆ ਹੈ। ਸਟੇਸ਼ਨ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।ਜਿਕਰਯੋਗ ਹੈ ਕਿ ਐਤਵਾਰ ਨੂੰ ਰਿਸ਼ਰਾ ਸ਼ੋਭਾਯਾਤਰਾ ਦੌਰਾਨ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ, ਜਿਸ ਵਿਚ ਦੋਵਾਂ ਧੜਿਆਂ ਨੇ ਇਕ-ਦੂਜੇ 'ਤੇ ਪਥਰਾਅ ਕੀਤਾ ਸੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ। ਪਥਰਾਅ ਦੌਰਾਨ ਭਾਜਪਾ ਵਿਧਾਇਕ ਬਿਮਨ ਘੋਸ਼ ਜ਼ਖ਼ਮੀ ਹੋ ਗਏ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।