ਅੱਗ ਲੱਗਣ ਤੋਂ ਬਾਦ ਤਿੰਨ ਲੋਕਾਂ ਨੇ ਚੱਲਦੀ ਟਰੇਨ ‘ਚੋਂ ਮਾਰੀ ਛਾਲ
ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ,9 ਵਿਅਕਤੀ ਬੁਰੀ ਤਰ੍ਹਾਂ ਝੁਲ਼ਸੇ
ਤਿਰੂਵਨੰਤਪੁਰਮ,3 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਕੇਰਲ ਦੇ ਕੋਝੀਕੋਡ ਵਿੱਚ ਇੱਕ ਵਿਅਕਤੀ ਨੇ ਚੱਲਦੀ ਟਰੇਨ ਵਿੱਚ ਪੈਟਰੋਲ ਛਿੜਕ ਕੇ ਯਾਤਰੀਆਂ ਨੂੰ ਅੱਗ ਲਗਾ ਦਿੱਤੀ। ਕਾਹਲੀ ਵਿੱਚ ਤਿੰਨ ਲੋਕਾਂ ਨੇ ਚੱਲਦੀ ਟਰੇਨ ‘ਚੋਂ ਛਾਲ ਮਾਰ ਦਿੱਤੀ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ। ਪੁਲਿਸ ਨੂੰ ਪਟੜੀ ਦੇ ਨੇੜੇ ਇੱਕ ਬੈਗ ਮਿਲਿਆ, ਜਿਸ ਵਿੱਚ ਇੱਕ ਪੈਟਰੋਲ ਦੀ ਬੋਤਲ ਅਤੇ ਦੋ ਮੋਬਾਈਲ ਫ਼ੋਨ ਸਨ।ਇਹ ਘਟਨਾ ਅਲਾਪੁਝਾ ਤੋਂ ਕੰਨੂਰ ਜਾਣ ਵਾਲੀ ਐਗਜ਼ੀਕਿਊਟਿਵ ਐਕਸਪ੍ਰੈਸ ਦੇ ਡੀ1 ਕੋਚ ਵਿੱਚ ਵਾਪਰੀ। ਡੀ1 ਕੋਚ 'ਚ ਮੌਜੂਦ ਲਤੀਸ਼ ਮੁਤਾਬਕ ਲਾਲ ਕਮੀਜ਼ ਪਹਿਨੇ ਇਕ ਵਿਅਕਤੀ ਨੇ ਪਹਿਲਾਂ ਪੈਟਰੋਲ ਛਿੜਕਿਆ ਅਤੇ ਫਿਰ ਮਾਚਿਸ ਜਲਾਈ।ਇਸ ਨਾਲ ਕੋਚ ਵਿੱਚ ਅੱਗ ਲੱਗ ਗਈ। ਇਸ ਦੌਰਾਨ ਤਿੰਨ ਲੋਕਾਂ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ।ਜ਼ਖਮੀਆਂ 'ਚੋਂ ਕੁਝ ਦੀ ਪਛਾਣ ਪ੍ਰਕਾਸ਼, ਰੂਬੀ ਅਤੇ ਜੋਤਿੰਦਰਨਾਥ ਵਜੋਂ ਹੋਈ ਹੈ, ਜੋ ਸਰਕਾਰੀ ਇੰਜੀਨੀਅਰਿੰਗ ਕਾਲਜ, ਕੰਨੂਰ ਦੇ ਸਾਬਕਾ ਵਿਦਿਆਰਥੀ ਹਨ। ਬਾਕੀ ਜ਼ਖਮੀਆਂ ਦੇ ਨਾਂ ਅਜੇ ਪਤਾ ਨਹੀਂ ਲੱਗ ਸਕੇ ਹਨ।