ਗੋਲੀਬਾਰੀ ਤੇ ਬੰਬਾਰੀ ਕਾਰਨ ਇੱਕ ਵਿਅਕਤੀ ਦੀ ਮੌਤ,38 ਜ਼ਖਮੀ
ਅਮਿਤ ਸ਼ਾਹ ਨੇ ਰਾਜਪਾਲ ਨਾਲ ਕੀਤੀ ਗੱਲਬਾਤ,ਪੈਰਾ ਮਿਲਟਰੀ ਦੀਆਂ 10 ਕੰਪਨੀਆਂ ਭੇਜੀਆਂ
ਪਟਨਾ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ:
ਰਾਮ ਨੌਮੀ ਦੀ ਸ਼ੋਭਾ ਯਾਤਰਾ ਤੋਂ ਬਾਅਦ ਬਿਹਾਰ ਦੇ ਪੰਜ ਜ਼ਿਲ੍ਹਿਆਂ ਵਿੱਚ ਹਿੰਸਕ ਝੜਪਾਂ ਹੋਈਆਂ ਹਨ।ਨਾਲੰਦਾ ਦੇ ਬਿਹਾਰ ਸ਼ਰੀਫ ਅਤੇ ਸਾਸਾਰਾਮ ਵਿੱਚ ਦੋ ਦਿਨਾਂ ਤੋਂ ਗੋਲੀਬਾਰੀ ਅਤੇ ਬੰਬਾਰੀ ਹੋ ਰਹੀ ਹੈ। ਨਾਲੰਦਾ 'ਚ ਗੋਲੀ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੋਵਾਂ ਥਾਵਾਂ 'ਤੇ 38 ਲੋਕ ਜ਼ਖਮੀ ਹਨ। ਬਿਹਾਰ ਸ਼ਰੀਫ, ਸਾਸਾਰਾਮ ਅਤੇ ਗਯਾ ਵਿਚ 125 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਪੈਰਾ ਮਿਲਟਰੀ ਦੀਆਂ 10 ਕੰਪਨੀਆਂ ਭੇਜੀਆਂ ਗਈਆਂ ਹਨ।ਭਾਗਲਪੁਰ ਅਤੇ ਗਯਾ ਵਿੱਚ ਵੀ ਵਿਵਾਦ ਹੋਇਆ ਹੈ। ਮੁੰਗੇਰ 'ਚ ਵੀ ਮੂਰਤੀ ਵਿਸਰਜਨ ਨੂੰ ਲੈ ਕੇ ਸ਼ਨੀਵਾਰ ਰਾਤ ਨੂੰ ਦੋ ਗੁੱਟ ਆਹਮੋ-ਸਾਹਮਣੇ ਹੋ ਗਏ। ਜ਼ਬਰਦਸਤ ਲੜਾਈ ਹੋਈ ਅਤੇ ਪੱਥਰਬਾਜ਼ੀ ਹੋਈ। ਪੁਲਿਸ ਨੇ ਲਾਠੀਚਾਰਜ ਕਰਕੇ ਮਾਮਲਾ ਸ਼ਾਂਤ ਕੀਤਾ। ਪੁਲਿਸ ਮੁਤਾਬਕ ਸਾਰੀਆਂ ਥਾਵਾਂ 'ਤੇ ਸਥਿਤੀ ਕਾਬੂ ਹੇਠ ਹੈ।ਸਾਸਾਰਾਮ ਪੁਲਸ ਨੇ ਦੱਸਿਆ ਕਿ ਸ਼ਨੀਵਾਰ ਰਾਤ 9 ਵਜੇ ਹੋਏ ਬੰਬ ਧਮਾਕੇ 'ਚ 6 ਲੋਕ ਜ਼ਖਮੀ ਹੋ ਗਏ। ਜਾਂਚ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਕੋਲ ਬੰਬ ਵੀ ਸੀ। ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਿੰਨ ਜ਼ਖ਼ਮੀਆਂ ਨੂੰ ਬੀਐਚਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਇਸ ਹਿੰਸਾ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਪਾਲ ਰਾਜੇਂਦਰ ਅਰਲੇਕਰ ਨਾਲ ਫ਼ੋਨ 'ਤੇ ਗੱਲ ਕੀਤੀ।ਉਨ੍ਹਾਂ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਲਈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਕੇਂਦਰ ਸਰਕਾਰ ਵੱਲੋਂ ਬਿਹਾਰ ਵਿੱਚ ਵਾਧੂ ਬਲ ਭੇਜਣ ਦੀ ਗੱਲ ਕੀਤੀ ਹੈ।ਕੇਂਦਰੀ ਨੀਮ ਫੌਜੀ ਬਲ ਅੱਜ ਸ਼ਾਮ ਤੱਕ ਬਿਹਾਰ ਭੇਜ ਦਿੱਤੇ ਜਾਣਗੇ।