ਚੰਦਰਪਾਲ ਅੱਤਰੀ, ਲਾਲੜੂ
ਨੌਜਵਾਨ ਗਾਇਕ ਕਮਲ ਖਹਿਰਾ ਦੇ ਗੀਤ "ਵਿਚੋਲੇ" ਦੀਆਂ ਉਹ ਸਤਰਾਂ ਅੱਜ ਕੱਲ ਸਿੱਖਿਆ ਖੇਤਰ ਦੇ ਨਤੀਜਿਆਂ ਵਿੱਚ ਪੂਰੀ ਸਹੀ ਢੁਕਦੀਆਂ ਜਾਪਦੀਆਂ ਹਨ,ਜਿਸ ਵਿੱਚ ਉਹ ਕਹਿੰਦਾ ਹੈ ਕਿ "ਮੈਨੂੰ ਤਾਂ ਫ਼ਿਕਰ ਹੋਈ ਪਈ ਐ ਕੱਲ ਦੀ,ਸਾਡੇ ਘਰੇ ਖ਼ੂਫੀਆ ਜੀ ਗੱਲ ਚੱਲਦੀ"।ਕਮਲ ਖਹਿਰਾ ਨੇ ਭਾਵੇਂ ਇਹ ਗੀਤ ਆਪਣੇ ਵਿਆਹ ਨੂੰ ਸੇਧਤ ਕਰਦਿਆਂ ਗਾਇਆ ਹੈ ਪਰ ਗੀਤ ਦੇ ਬੋਲ ਪੰਜਾਬ ਦੀ ਅਜੋਕੀ ਸਿੱਖਿਆ ਨੀਤੀ ਦੀ ਸਹੀ ਤਸਵੀਰ ਸਾਹਮਣੇ ਲਿਆਉਣ ਲਈ ਵਰਤਣੇ ਜ਼ਰੂਰੀ ਹਨ।
ਕੱਲ (ਬੀਤੇ ਹੋਏ ਕੱਲ ਦੀ ਥਾਂ ਆਉਣ ਵਾਲੇ ਕੱਲ )ਸਬੰਧੀ ਇਹ ਫ਼ਿਕਰ ਹਰ ਉਸ ਮਾਪੇ ਦੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ।ਉਹ ਗੱਲ ਵੀ ਖ਼ੂਫੀਆ ਤਰੀਕੇ ਨਾਲ ਹੀ ਕਰ ਰਿਹਾ ਹੈ।ਅਸਲ ਵਿੱਚ 2019 ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਉਪਰੰਤ ਸਿੱਖਿਆ ਖੇਤਰ ਨੂੰ ਵੱਡੀ ਮਾਰ ਪਈ ਹੈ।ਇਸ ਸਮੇਂ ਦੌਰਾਨ ਬੋਰਡ ਤੇ ਨਾਨ ਬੋਰਡ ਵਾਲੀਆਂ ਜਮਾਤਾਂ ਦੇ ਬੱਚੇ ਬਿਨਾਂ ਪੜ੍ਹੇ ਪਾਸ ਹੋਏ ਹਨ। ਬੋਰਡ ਵਾਲਿਆਂ ਨੂੰ ਇੱਕ ਹੋਰ ਸਹਾਰਾ 100 ਫੀਸਦੀ ਮਿਸ਼ਨ (ਪੂਰੇ ਵਟਾ ਪੂਰੇ ਨੰਬਰਾਂ)ਨੇ ਵੀ ਦਿੱਤਾ ਹੈ।ਇਸੇ ਤਰ੍ਹਾਂ ਨਾਨ ਬੋਰਡ ਵਾਲੇ ਬੱਚੇ ਇਨ੍ਹਾਂ ਬੋਰਡ ਵਾਲੇ ਬੱਚਿਆਂ ਦੀ ਪਾਸ ਤੇ ਨੰਬਰ ਫੀਸਦੀ ਵੇਖ ਪੜ੍ਹਾਈ ਪ੍ਰਤੀ ਅਵੇਸਲੇ ਹੋ ਗਏ ਹਨ।ਹਾਲਾਂਕਿ ਇਹ ਗੱਲਾਂ ਸਭ ਪਾਸੇ ਲਾਗੂ ਨਹੀਂ ਹੋਈਆਂ ਪਰ ਦਿਹਾਤ ਤੇ ਅਰਧ ਸ਼ਹਿਰੀ ਖੇਤਰ ਇਸ ਦੀ ਪੂਰੀ ਮਾਰ ਹੇਠ ਹਨ।ਹੁਣ ਜਦੋਂ ਕਰੋਨਾ ਦਾ ਪ੍ਰਭਾਵ ਖਤਮ ਹੋਣ ਲੱਗਾ ਹੈ ਤਾਂ ਇਸ ਨੀਤੀ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ।ਬੋਰਡ ਦੀਆਂ ਜਮਾਤਾਂ ਪਾਸ ਕਰ ਚੁਕੇ ਵਿਦਿਆਰਥੀ ਨਾ ਤਾਂ ਨੌਕਰੀ ਲਈ ਯੋਗ ਹਨ ਤੇ ਨਾ ਹੀ ਹੁਣ ਉਹ ਆਈਲੇਟਸ ਵਿੱਚ ਸਾਧਾਰਨ ਬੈਂਡ ਹੀ ਪ੍ਰਾਪਤ ਕਰ ਪਾ ਰਹੇ ਹਨ।ਦੂਜੇ ਪਾਸੇ ਨਾਨ ਬੋਰਡ ਵਾਲੇ ਬੱਚਿਆਂ ਦੀ ਪਾਸ ਤੇ ਨੰਬਰ ਫੀਸਦੀ ਕਰੀਬ ਵੀਹ ਫੀਸਦੀ ਤੱਕ ਘੱਟ ਗਈ ਹੈ।ਦਿਹਾਤੀ ਤੇ ਸ਼ਹਿਰੀ ਖੇਤਰ ਦੇ ਵਧੇਰੇ ਬੱਚੇ ਸੱਠ ਤੋਂ ਸੱਤਰ ਫੀਸਦੀ ਨੰਬਰਾਂ ਤੱਕ ਸੀਮਤ ਰਹਿ ਗਏ ਹਨ।
ਸਿੱਖਿਆ ਬੋਰਡਾਂ ਵੱਲੋਂ ਵਸਤੂਨਿਸ਼ਠ ਪ੍ਰਸ਼ਨਾਂ (ਆਬਜੈਕਟਿਵ ਪ੍ਰਸ਼ਨਾਂ)ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਹ ਗੱਲ ਮਾੜੀ ਨਹੀਂ ਪਰ ਸਿੱੱਖਿਆ ਖੇਤਰ ਨਾਲ ਜੁੜੇ ਲੋਕ ਜਾਣਦੇ ਹਨ ਕਿ ਵਸਤੂਨਿਸ਼ਠ ਪ੍ਰਸ਼ਨ ਹੱਲ ਕਰਨ ਲਈ ਬਹੁਤ ਵਿਸਥਾਰ ਵਿੱਚ ਜਾਣਾ ਪੈਂਦਾ ਹੈ,ਜਿਸ ਪ੍ਰਤੀ ਸਿਸਟਮ ਗੰਭੀਰ ਹੀ ਨਹੀਂ ਹੈ। ਵਸਤੂਨਿਸ਼ਠ ਪ੍ਰਸ਼ਨਾਂ ਦੀ ਵਧੀਆ ਤਿਆਰੀ ਸਕੂਲ ਪੱਧਰ ਉਤੇ ਹੀ ਸੰਭਵ ਹੈ,ਕਿਉਂਕਿ ਦਿਹਾਤੀ ਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਮਾਪੇ ਨਾ ਸਿਰਫ ਖੁਦ ਸਿੱਖਿਆ ਪੱਖੋਂ ਕਮਜ਼ੋਰ ਹਨ , ਸਗੋਂ ਉਨ੍ਹਾਂ ਕੋਲ ਸਮੇਂ ਤੇ ਪੈਸੇ ਦੀ ਵੱਡੀ ਘਾਟ ਹੈ।ਇਸ ਸਮੇਂ ਲੋਕ ਗੰਭੀਰ ਦੁਵਿਧਾ ਵਿੱਚ ਹਨ ਤੇ ਜਦੋਂ ਤੱਕ ਉਨ੍ਹਾਂ ਨੂੰ ਪੜ੍ਹਾਈ ਸਬੰਧੀ ਇਹ ਸਾਰੀਆਂ ਸਮੱਸਿਆਵਾਂ ਸਮਝ ਆਉਂਦੀਆਂ ਹਨ,ਉਦੋਂ ਤੱਕ ਗੱਲ ਉਨ੍ਹਾਂ ਦੇ ਹੱਥੋ ਨਿਕਲ ਜਾਂਦੀ ਹੈ।
ਜੇ ਕਰ ਲੰਮਾ ਸਮਾਂ ਇਸੇ ਤਰ੍ਹਾਂ ਅਸੀਂ ਇਸ ਸਿੱਖਿਆ ਨੀਤੀ ਪ੍ਰਤੀ ਅਵੇਸਲੇ ਰਹੇ ਤਾਂ ਇਸ ਦੇ ਸਾਨੂੰ ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣੇ ਤੈਅ ਹਨ,ਕਿਉਂਕਿ ਅਸਪੱਸ਼ਟ ਵਿਅਕਤੀ ਨੂੰ ਭਰਮਾਉਣ ਲਈ ਬਹੁਤ ਸ਼ਕਤੀਆਂ ਤਿਆਰ ਬੈਠੀਆਂ ਹਨ।
ਅੰਤ ਵਿੱਚ ਅਸੀਂ ਕਮਲ ਖਹਿਰੇ ਦੇ ਗੀਤ ਦੀਆਂ ਦੂਜੀਆਂ ਸਤਰਾਂ,ਜਿਸ ਵਿੱਚ ਉਹ ਕਹਿੰਦਾ ਹੈ ਕਿ " ਮੈਂ ਤਾਂ ਮੇਰੇ ਦਿਲ ਦੀ ਸੁਣਾ 'ਤੀ ਬੋਲ ਕੇ,ਜਿਹੜਾ ਆਪਾਂ ਨੂੰ ਮਿਲਾ ਦੇ ਬੰਦਾ ਵੇਖ ਟੋਲ ਕੇ" ਨਾਲ ਸਰਕਾਰਾਂ-ਸਿੱਖਿਆ ਸ਼ਾਸ਼ਤਰੀਆਂ ਤੇ ਅਧਿਆਪਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਲਦ ਸਿੱਖਿਆ ਖੇਤਰ ਦੀਆਂ ਬੁਨਿਆਦੀ ਬਾਰੀਕੀਆਂ ਵੱਲ ਧਿਆਨ ਦੇਣ ਤਾਂ ਜੋ ਅਸੀਂ ਆਪਣੇ ਬੱਚਿਆਂ ਦੇ ਇੱਕ ਯੋਜਨਾ ਤਹਿਤ ਕੀਤੇ ਜਾ ਰਹੇ ਬੌਧਿਕ ਖਾਤਮੇ ਨੂੰ ਰੋਕਦਿਆਂ ਉਨ੍ਹਾਂ ਨੂੰ ਹੋਲੀ-ਹੋਲੀ ਕੁਰਾਹੇ ਪਾਏ ਜਾਣ ਤੋਂ ਬਚਾਅ ਸਕੀਏ।
ਮੋਬਾਇਲ : 7889111988