ਕਿਹਾ ਕਿ ਅੰਮ੍ਰਿਤਪਾਲ ਬਾਰੇ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਉਹ ਸ਼ਾਹਬਾਦ ਡੇਢ ਦਿਨ ਬਾਅਦ ਪੁੱਜੀ
ਬੋਲੇ ਕਿ ਪੰਜਾਬ ਪੁਲਿਸ ਜਲੰਧਰ ਵਾਲੇ ਪਾਸੇ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਸੀ ਅਤੇ ਉਹ ਸ਼ਾਹਬਾਦ ਵਿਖੇ ਰੋਟੀ ਖਾ ਰਿਹਾ ਸੀ
ਦਾਅਵਾ ਕੀਤਾ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਬਾਰੇ ਸਿਆਸੀ ਡਰਾਮਾ ਕਰ ਰਹੀ ਹੈ
ਚੰਡੀਗੜ੍ਹ, 25 ਮਾਰਚ, ਦੇਸ਼ ਕਲਿਕ ਬਿਊਰੋ :
‘ਵਾਰਿਸ ਪੰਜਾਬ ਦੇ’ ਦੇ ਮੁੱਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਅੱਠਵੇਂ ਦਿਨ ਵੀ ਭਾਲ ਜਾਰੀ ਹੈ। ਇਸ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੱਡਾ ਦਾਅਵਾ ਕੀਤਾ ਹੈ। ਵਿਜ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਬਾਰੇ ਸੂਚਿਤ ਕਰ ਦਿੱਤਾ ਸੀ ਪਰ ਪੰਜਾਬ ਪੁਲਿਸ ਨੇ ਸ਼ਾਹਬਾਦ ਪਹੁੰਚਣ ਵਿਚ ਡੇਢ ਦਿਨ ਦਾ ਸਮਾਂ ਲੱਗਾ ਦਿੱਤਾ। ਵਿੱਜ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਜਲੰਧਰ ਵਾਲੇ ਪਾਸੇ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਸੀ ਅਤੇ ਅੰਮ੍ਰਿਤਪਾਲ ਸ਼ਾਹਬਾਦ ਵਿੱਚ ਰੋਟੀ ਖਾ ਰਿਹਾ ਸੀ। ਵਿਜ ਨੇ ਦੱਸਿਆ ਕਿ ਜਦੋਂ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਉਸੇ ਸਮੇਂ ਪੰਜਾਬ ਪੁਲਸ ਨੂੰ ਸੂਚਿਤ ਕੀਤਾ।ਵਿੱਜ ਨੇ ਕਿਹਾ ਕਿ ਮੋਸਟ ਵਾਂਟੇਡ ਦੇ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਦੀ ਢਿੱਲ ਸਾਫ਼ ਦਿਖਾਈ ਦੇ ਰਹੀ ਹੈ। ਹਰਿਆਣਾ ਪੁਲਿਸ ਅੰਮ੍ਰਿਤਪਾਲ ਸਿੰਘ ਦਾ ਪੱਕਾ ਲਿੰਕ ਦੱਸ ਰਹੀ ਹੈ ਅਤੇ ਪੰਜਾਬ ਪੁਲਿਸ ਇੱਥੇ ਨਹੀਂ ਆ ਰਹੀ। ਇਸ ਤੋਂ ਪੰਜਾਬ ਸਰਕਾਰ ਦੇ ਸਿਆਸੀ ਡਰਾਮੇ ਦਾ ਪਤਾ ਲੱਗਦਾ ਹੈ।
ਦੂਜੇ ਪਾਸੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਦੋਂ ਦੇਸ਼ ਦੀਆਂ ਸਾਰੀਆਂ ਏਜੰਸੀਆਂ ਅੰਮ੍ਰਿਤਪਾਲ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ। ਦੇਸ਼ ਭਰ ਵਿੱਚ ਸਾਰੇ ਸੂਬਿਆਂ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ ਹੈ। ਪਰ ਹਰਿਆਣਾ ਦੇ ਗ੍ਰਹਿ ਮੰਤਰੀ ਵੱਲੋਂ ਇਹ ਬਿਆਨ ਦੇਣਾ ਇਕ ਰਾਜਨੀਤਿਕ ਟਿੱਪਣੀ ਹੀ ਲੱਗਦੀ ਹੈ। ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਅੰਮ੍ਰਿਤਪਾਲ ਉਥੇ ਐਨਾ ਸਮਾਂ ਰਿਹਾ ਤਾਂ ਹਰਿਆਣਾ ਦੀ ਪੁਲਿਸ ਵੱਲੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ।