ਸ਼੍ਰੀਨਗਰ,18 ਮਾਰਚ,ਦੇਸ਼ ਕਲਿਕ ਬਿਊਰੋ:
ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਜ ਸ਼ਨੀਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਬੱਸ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਕੁਝ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਘਟਨਾ ਦਾ ਖੁਦ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮਰਨ ਵਾਲੇ ਸਾਰੇ ਯਾਤਰੀ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ 4 ਯਾਤਰੀਆਂ 'ਚੋਂ 2 ਕਟਿਹਾਰ, ਇਕ ਪੱਛਮੀ ਚੰਪਾਰਨ ਅਤੇ ਇਕ ਕਿਸ਼ਨਗੰਜ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਪੱਛਮੀ ਚੰਪਾਰਨ ਦੇ ਇਸਲਾਮ ਅੰਸਾਰੀ, ਕਿਸ਼ਨਗੰਜ ਦੇ ਸ਼ਿਵੂ ਸਿੰਘਾਰੀ ,ਕਟਿਹਾਰ ਦੇ ਮੁਹੰਮਦ ਅਲਾਉਦੀਨ ਅਤੇ ਮਜਕੁਰੁਲ ਵਜੋਂ ਹੋਈ ਹੈ।