ਨਵੀਂ ਦਿੱਲੀ,18 ਮਾਰਚ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅੱਜ ਵੀਡੀਓ ਕਾਨਫਰੰਸ ਰਾਹੀਂ ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ ਦਾ ਉਦਘਾਟਨ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਸਰਹੱਦ ਪਾਰ ਤੇਲ ਪਾਈਪਲਾਈਨ ਦਾ ਉਦਘਾਟਨ ਸ਼ਾਮ 5 ਵਜੇ ਤੈਅ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਪਾਈਪਲਾਈਨ 377 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਬਣਾਈ ਗਈ ਹੈ। ਪਾਈਪਲਾਈਨ ਦੇ ਬੰਗਲਾਦੇਸ਼ ਦੇ ਹਿੱਸੇ ਦੀ ਲਾਗਤ 285 ਕਰੋੜ ਰੁਪਏ ਹੈ। ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ 131.5 ਕਿਲੋਮੀਟਰ ਲੰਬੀ ਹੈ ਅਤੇ ਇਸਦੀ ਵਰਤੋਂ ਭਾਰਤ ਤੋਂ ਬੰਗਲਾਦੇਸ਼ ਨੂੰ ਡੀਜ਼ਲ ਸਪਲਾਈ ਕਰਨ ਲਈ ਕੀਤੀ ਜਾਵੇਗੀ।ਇਸ ਪਾਈਪਲਾਈਨ ਦੀ ਮਦਦ ਨਾਲ ਡੀਜ਼ਲ ਦੀ ਸਪਲਾਈ ਇਸ ਸਾਲ ਜੂਨ 'ਚ ਪਾਇਲਟ ਆਧਾਰ 'ਤੇ ਸ਼ੁਰੂ ਹੋ ਜਾਵੇਗੀ। ਇਸ ਪ੍ਰੋਜੈਕਟ ਦਾ ਨਿਰਮਾਣ ਭਾਰਤ ਤੋਂ ਗ੍ਰਾਂਟ ਦੇ ਪੈਸੇ ਦੀ ਮਦਦ ਨਾਲ 2018 ਵਿੱਚ ਸ਼ੁਰੂ ਹੋਇਆ ਸੀ। ਦੂਜੇ ਪਾਸੇ, ਭਾਰਤ-ਬੰਗਲਾਦੇਸ਼ ਪਾਈਪਲਾਈਨ ਤੋਂ ਹਰ ਸਾਲ ਉੱਤਰੀ ਬੰਗਲਾਦੇਸ਼ ਦੇ ਸੱਤ ਜ਼ਿਲ੍ਹਿਆਂ ਨੂੰ 1 ਮਿਲੀਅਨ ਮੀਟ੍ਰਿਕ ਟਨ ਹਾਈ-ਸਪੀਡ ਡੀਜ਼ਲ ਦੀ ਸਪਲਾਈ ਕੀਤੀ ਜਾਵੇਗੀ।