ਨਵੀਂ ਦਿੱਲੀ,17 ਮਾਰਚ, ਦੇਸ਼ ਕਲਿਕ ਬਿਊਰੋ:
ਕਾਂਗਰਸੀ ਨੇਤਾ ਪਵਨ ਖੇੜਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪੀਐੱਮ ਮੋਦੀ 'ਤੇ ਦਿੱਤੇ ਬਿਆਨ ਦੇ ਮਾਮਲੇ 'ਚ ਅਦਾਲਤ ਨੇ ਪਵਨ ਨੂੰ ਅੱਜ 17 ਮਾਰਚ ਤੱਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਸੀ। ਯਾਨੀ ਉਸ ਨੂੰ ਅੱਜ 17 ਮਾਰਚ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਕਾਂਗਰਸੀ ਨੇਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨੂੰ ਗੌਤਮਦਾਸ ਮੋਦੀ ਕਿਹਾ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦੇ ਨਾਂ ਨੂੰ ਲੈ ਕੇ ਉਨ੍ਹਾਂ ਨੂੰ ਭੰਬਲਭੂਸਾ ਸੀ। ਇਸ ਬਿਆਨ ਤੋਂ ਬਾਅਦ 23 ਫਰਵਰੀ ਨੂੰ ਪਾਰਟੀ ਸੰਮੇਲਨ ਲਈ ਦਿੱਲੀ ਤੋਂ ਰਾਏਪੁਰ ਜਾ ਰਹੇ ਪਵਨ ਖੇੜਾ ਨੂੰ ਅਸਮ ਪੁਲਿਸ ਨੇ ਫਲਾਈਟ ਤੋਂ ਉਤਾਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਮੈਜਿਸਟ੍ਰੇਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਦੂਜੇ ਪਾਸੇ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਇਸ ਮਾਮਲੇ 'ਤੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਪਵਨ ਖੇੜਾ ਖ਼ਿਲਾਫ਼ ਦੇਸ਼ ਭਰ ਵਿੱਚ ਕੇਸ ਦਰਜ ਕੀਤੇ ਜਾ ਰਹੇ ਹਨ। ਅਜਿਹੇ 'ਚ ਉਸ ਦੀ ਅਗਾਊਂ ਜ਼ਮਾਨਤ ਅਤੇ ਸਾਰੇ ਕੇਸਾਂ ਦੀ ਸੁਣਵਾਈ ਇਕੱਠੇ ਹੋਣੀ ਚਾਹੀਦੀ ਹੈ।