ਸ਼੍ਰੀਨਗਰ,14 ਮਾਰਚ,ਦੇਸ਼ ਕਲਿਕ ਬਿਊਰੋ:
ਰਾਸ਼ਟਰੀ ਜਾਂਚ ਏਜੰਸੀ NIA ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਮੁਖੀਆਂ ਅਤੇ ਮੈਂਬਰਾਂ ਦੀਆਂ ਅੱਤਵਾਦੀ ਗਤੀਵਿਧੀਆਂ ਦੇ ਸਬੰਧ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੁਲਗਾਮ, ਪੁਲਵਾਮਾ, ਅਨੰਤਨਾਗ ਅਤੇ ਸ਼ੋਪੀਆਂ 'ਚ ਸ਼ੱਕੀਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਰੀਅਤ ਨੇਤਾ ਕਾਜ਼ੀ ਯਾਸਿਰ ਅਤੇ ਜੰਮੂ-ਕਸ਼ਮੀਰ ਸਾਲਵੇਸ਼ਨ ਮੂਵਮੈਂਟ ਦੇ ਪ੍ਰਧਾਨ ਜ਼ਫਰ ਭੱਟ ਦੇ ਘਰਾਂ 'ਤੇ ਅੱਤਵਾਦੀ ਫੰਡਿੰਗ ਦੇ ਮਾਮਲੇ 'ਚ ਛਾਪੇਮਾਰੀ ਕੀਤੀ ਹੈ।ਸੂਤਰਾਂ ਮੁਤਾਬਕ ਇਹ ਛਾਪੇ ਅੱਤਵਾਦੀ ਫੰਡਿੰਗ ਅਤੇ ਹੋਰ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਹਨ।ਸ੍ਰੀਨਗਰ ਦੇ ਸੌਰਾ ਇਲਾਕੇ ਵਿੱਚ ਜੇਲ੍ਹ ਵਿੱਚ ਬੰਦ ਮਹਿਲਾ ਵੱਖਵਾਦੀ ਨੇਤਾ ਆਸੀਆ ਇੰਦਰਾਬੀ ਦੇ ਘਰ ਦੀ ਤਲਾਸ਼ੀ ਵੀ ਲਈ ਗਈ। ਸਾਲ 2019 'ਚ ਤਿਹਾੜ ਜੇਲ 'ਚ ਬੰਦ ਆਸੀਆ ਇੰਦਰਾਬੀ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਘਰ ਨੂੰ NIA ਨੇ ਪਹਿਲਾਂ ਹੀ ਅਟੈਚ ਕਰ ਲਿਆ ਸੀ।