ਨਵੀਂ ਦਿੱਲੀ,12 ਮਾਰਚ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 12 ਮਾਰਚ ਨੂੰ ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਕਰੀਬ 8480 ਕਰੋੜ ਰੁਪਏ ਦੀ ਲਾਗਤ ਨਾਲ 118 ਕਿਲੋਮੀਟਰ ਲੰਬੇ ਇਸ ਹਾਈਵੇਅ ਨੂੰ ਬਣਾਇਆ ਗਿਆ ਹੈ। ਇਸ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਯਾਤਰਾ ਦਾ ਸਮਾਂ ਘਟ ਕੇ ਅੱਧਾ ਰਹਿ ਜਾਵੇਗਾ। ਫਿਲਹਾਲ ਬੈਂਗਲੁਰੂ ਤੋਂ ਮੈਸੂਰ ਤੱਕ ਪਹੁੰਚਣ 'ਚ 3 ਘੰਟੇ ਲੱਗਦੇ ਹਨ ਪਰ ਇਸ ਹਾਈਵੇਅ ਦੇ ਖੁੱਲ੍ਹਣ ਤੋਂ ਬਾਅਦ ਦੋਵਾਂ ਸ਼ਹਿਰਾਂ ਦੀ ਦੂਰੀ ਸਿਰਫ 75 ਮਿੰਟਾਂ 'ਚ ਤੈਅ ਕੀਤੀ ਜਾ ਸਕੇਗੀ।ਇਸ ਤੋਂ ਇਲਾਵਾ ਪੀਐਮ ਮੋਦੀ ਕਰਨਾਟਕ ਦੇ ਹੋਸਾਪੇਟ ਰੇਲਵੇ ਸਟੇਸ਼ਨ ਦਾ ਵੀ ਉਦਘਾਟਨ ਕਰਨਗੇ। ਇਸ ਸਟੇਸ਼ਨ ਨੂੰ ਹੰਪੀ ਦੇ ਸਮਾਰਕਾਂ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈ। ਉਹ ਮੈਸੂਰ-ਖੁਸ਼ਾਲਨਗਰ ਚਾਰ ਮਾਰਗੀ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਣਗੇ। ਇਹ 92 ਕਿਲੋਮੀਟਰ ਹਾਈਵੇਅ 4,130 ਕਰੋੜ ਰੁਪਏ ਵਿੱਚ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਨਾਲ ਖੁਸ਼ਾਲਨਗਰ ਦੀ ਬੈਂਗਲੁਰੂ ਨਾਲ ਸੰਪਰਕ ਵਿੱਚ ਵੀ ਸੁਧਾਰ ਹੋਵੇਗਾ।ਬੈਂਗਲੁਰੂ-ਮੈਸੂਰ ਐਕਸਪ੍ਰੈਸਵੇਅ ਦੀ ਗੱਲ ਕਰੀਏ ਤਾਂ ਇਹ ਬੈਂਗਲੁਰੂ ਦੇ ਬਾਹਰਵਾਰ NICE ਰੋਡ ਦੇ ਨੇੜੇ ਸ਼ੁਰੂ ਹੁੰਦਾ ਹੈ। ਇਹ ਮੈਸੂਰ ਵਿੱਚ ਆਉਟਰ ਰਿੰਗ ਰੋਡ ਜੰਕਸ਼ਨ ਦੇ ਨੇੜੇ ਖਤਮ ਹੁੰਦਾ ਹੈ। ਇਸ ਦੇ ਜ਼ਿਆਦਾਤਰ ਹਿੱਸੇ ਵਾਹਨਾਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਐਕਸਪ੍ਰੈਸ ਵੇਅ 'ਤੇ 8 ਕਿਲੋਮੀਟਰ ਲੰਬਾ ਐਲੀਵੇਟਿਡ ਕੋਰੀਡੋਰ, 9 ਵੱਡੇ ਪੁਲ, 42 ਛੋਟੇ ਪੁਲ, 64 ਅੰਡਰਪਾਸ, 11 ਓਵਰਪਾਸ, ਚਾਰ ਰੋਡ-ਓਵਰ-ਬ੍ਰਿਜ ਅਤੇ ਪੰਜ ਬਾਈਪਾਸ ਬਣਾਏ ਗਏ ਹਨ।