ਅਗਰਤਲਾ,8 ਮਾਰਚ,ਦੇਸ਼ ਕਲਿਕ ਬਿਊਰੋ:
ਤ੍ਰਿਪੁਰਾ 'ਚ ਅੱਜ ਯਾਨੀ ਬੁੱਧਵਾਰ ਨੂੰ ਮੁੱਖ ਮੰਤਰੀ ਮਾਨਿਕ ਸਾਹਾ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਸੂਬੇ ਦੀਆਂ 60 ਵਿਧਾਨ ਸਭਾ ਸੀਟਾਂ 'ਤੇ 16 ਫਰਵਰੀ ਨੂੰ ਵੋਟਾਂ ਪਈਆਂ ਸਨ। 2 ਮਾਰਚ ਨੂੰ ਨਤੀਜੇ ਆਏ, ਭਾਜਪਾ ਨੇ ਬਹੁਮਤ ਹਾਸਲ ਕੀਤਾ। ਚੋਣਾਂ ਜਿੱਤਣ ਤੋਂ ਬਾਅਦ ਨਵੇਂ ਚੁਣੇ ਗਏ ਵਿਧਾਇਕਾਂ ਨੇ 6 ਮਾਰਚ ਨੂੰ ਫੈਸਲਾ ਕੀਤਾ ਸੀ ਕਿ ਭਾਜਪਾ ਆਗੂ ਮਾਨਿਕ ਸਾਹਾ ਮੁੜ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।ਤ੍ਰਿਪੁਰਾ ਵਿੱਚ ਭਾਜਪਾ ਅਤੇ ਆਈਪੀਐਫਟੀ ਨੇ ਗਠਜੋੜ ਵਿੱਚ ਚੋਣਾਂ ਲੜੀਆਂ ਸਨ। ਜਿਸ ਨੂੰ 2018 ਦੀਆਂ ਚੋਣਾਂ ਦੇ ਮੁਕਾਬਲੇ 11 ਸੀਟਾਂ ਦਾ ਨੁਕਸਾਨ ਹੋਇਆ। ਇਸ ਤੋਂ ਬਾਅਦ ਵੀ ਇਸ ਗਠਜੋੜ ਨੇ 33 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਰਾਜ ਵਿੱਚ ਭਾਜਪਾ ਨੂੰ 32 ਅਤੇ ਆਈਪੀਐਫਟੀ ਨੂੰ ਸਿਰਫ਼ 1 ਸੀਟ ਮਿਲੀ ਹੈ। ਦੂਜੇ ਪਾਸੇ, ਸੀਪੀਆਈ (ਐਮ) ਅਤੇ ਕਾਂਗਰਸ ਗਠਜੋੜ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ 2 ਸੀਟਾਂ ਦੇ ਨੁਕਸਾਨ ਨਾਲ ਰਾਜ ਵਿੱਚ 14 ਸੀਟਾਂ ਜਿੱਤੀਆਂ ਹਨ। ਜਦਕਿ, ਟੀਪੀਐਮ ਨੇ ਰਾਜ ਵਿੱਚ 13 ਸੀਟਾਂ ਜਿੱਤੀਆਂ ਹਨ।