ਨਵੀਂ ਦਿੱਲੀ,7 ਮਾਰਚ, ਦੇਸ਼ ਕਲਿਕ ਬਿਊਰੋ:
ਨਾਗਾਲੈਂਡ ਅਤੇ ਮੇਘਾਲਿਆ ਦੀਆਂ ਨਵੀਆਂ ਸਰਕਾਰਾਂ ਦੇ ਮੁੱਖ ਮੰਤਰੀ ਅੱਜ ਸਹੁੰ ਚੁੱਕਣਗੇ। ਮੇਘਾਲਿਆ 'ਚ ਕੋਨਰਾਡ ਸੰਗਮਾ ਸਵੇਰੇ 11 ਵਜੇ ਮੁੜ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਦੇ ਨਾਲ ਹੀ ਨਾਗਾਲੈਂਡ 'ਚ ਨੇਫਿਊ ਰੀਓ ਦੁਪਹਿਰ 1:45 'ਤੇ ਪੰਜਵੇਂ ਕਾਰਜਕਾਲ ਲਈ ਸਹੁੰ ਚੁੱਕਣਗੇ। ਦੋਵਾਂ ਰਾਜਾਂ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਰਹਿਣਗੇ।
ਮੇਘਾਲਿਆ ਵਿੱਚ NPP, UDP, BJP ਅਤੇ HSPDP ਦੀ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕੋਨਰਾਡ ਸੰਗਮਾ ਦੁਬਾਰਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਉਨ੍ਹਾਂ ਨੇ ਰਾਜਪਾਲ ਨੂੰ 32 ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪਿਆ ਹੈ। ਸੋਮਵਾਰ ਨੂੰ ਰਾਜ ਦੇ ਮੁੱਖ ਮੰਤਰੀ ਅਤੇ ਐਨਪੀਪੀ ਦੇ ਰਾਸ਼ਟਰੀ ਪ੍ਰਧਾਨ ਸੰਗਮਾ ਨੇ ਕਿਹਾ ਕਿ ਨਵੇਂ ਗਠਜੋੜ ਨੂੰ 'ਮੇਘਾਲਿਆ ਡੈਮੋਕਰੇਟਿਕ ਅਲਾਇੰਸ 2.0' ਕਿਹਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਮੰਤਰੀ ਮੰਡਲ ਵਿੱਚ ਐਨਪੀਪੀ ਨੂੰ 8 ਸੀਟਾਂ, ਯੂਡੀਪੀ ਨੂੰ 2 ਸੀਟਾਂ ਅਤੇ ਭਾਜਪਾ ਅਤੇ ਐਚਐਸਪੀਡੀਪੀ ਨੂੰ ਇੱਕ-ਇੱਕ ਸੀਟ ਦਿੱਤੀ ਜਾਵੇਗੀ।
ਇਸੇ ਦੌਰਾਨ ਨਾਗਾਲੈਂਡ ਵਿੱਚ ਫਿਰ ਤੋਂ ਐਨਡੀਪੀਪੀ-ਭਾਜਪਾ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਨੇਫਿਉ ਰੀਓ ਸੂਬੇ ਵਿੱਚ ਪੰਜਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜ ਦੀ 60 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਐਨਡੀਪੀਪੀ-ਭਾਜਪਾ ਨੇ 37 ਸੀਟਾਂ ਜਿੱਤੀਆਂ, ਜਿਨ੍ਹਾਂ ਵਿੱਚੋਂ ਐਨਡੀਪੀਪੀ ਨੇ 25 ਅਤੇ ਭਾਜਪਾ ਨੇ 12 ਸੀਟਾਂ ਜਿੱਤੀਆਂ। ਜਦੋਂ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 7, ਐਨਪੀਐਫ ਨੇ 5 ਅਤੇ ਨਾਗਾ ਪੀਪਲਜ਼ ਫਰੰਟ, ਲੋਕ ਜਨਸ਼ਕਤੀ ਪਾਰਟੀ ਅਤੇ ਆਰਪੀਆਈ ਨੇ 2-2 ਸੀਟਾਂ ਜਿੱਤੀਆਂ ਹਨ।