ਚਾਮਰਾਜਨਗਰ, 5 ਮਾਰਚ , ਦੇਸ਼ ਕਲਿੱਕ ਬਿਓਰੋ
ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ ਇੱਕ ਜੋੜੇ ਨੂੰ ਉਨ੍ਹਾਂ ਦੇ ਪਿੰਡ ਵਿੱਚ ਅੰਤਰਜਾਤੀ ਵਿਆਹ ਲਈ ਜੁਰਮਾਨਾ ਲਗਾਇਆ ਗਿਆ ਅਤੇ ਬਾਈਕਾਟ ਦਾ ਸਾਹਮਣਾ ਕਰਨਾ ਪਿਆ।
ਇਹ ਘਟਨਾ ਜ਼ਿਲ੍ਹੇ ਦੇ ਕੋਲੇਗਲ ਤਾਲੁਕ ਦੇ ਕੁਨਾਗੱਲੀ ਪਿੰਡ ਦੀ ਹੈ। ਪੁਲਿਸ ਅਨੁਸਾਰ ਜੋੜੇ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ ਪਰ ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਵੱਖ-ਵੱਖ ਜਾਤੀ ਬਾਰੇ ਹਾਲ ਹੀ ਵਿੱਚ ਪਤਾ ਲੱਗਾ।
ਪਿੰਡ ਵਾਸੀਆਂ ਨੇ ਜੋੜੇ ਨੂੰ 6 ਲੱਖ ਰੁਪਏ ਜੁਰਮਾਨਾ ਕੀਤਾ ਸੀ ਅਤੇ ਪਿੰਡ ਵਿੱਚ ਉਨ੍ਹਾਂ ਦਾ ਬਾਈਕਾਟ ਕੀਤਾ ਸੀ। ਜੋੜੇ ਨੇ ਅਪਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਅਤੇ 1 ਮਾਰਚ ਨੂੰ ਕੋਲੇਗਲ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਉਪਪਾਰਾ ਸੇਟੀ ਭਾਈਚਾਰੇ ਨਾਲ ਸਬੰਧਤ ਗੋਵਿੰਦਰਾਜੂ ਨੂੰ ਮੰਡਿਆ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਸ਼ਵੇਤਾ ਨਾਲ ਪਿਆਰ ਹੋ ਗਿਆ ਸੀ। ਜਦੋਂ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਤਾਂ ਲੜਕੇ ਅਤੇ ਲੜਕੀ ਦੇ ਪਰਿਵਾਰ ਬਿਨਾਂ ਕਿਸੇ ਵਿਰੋਧ ਦੇ ਸਹਿਮਤ ਹੋ ਗਏ ਅਤੇ ਉਨ੍ਹਾਂ ਦਾ ਵਿਆਹ ਸਬ-ਰਜਿਸਟਰਾਰ ਦੇ ਦਫਤਰ ਵਿੱਚ ਸੰਪੰਨ ਹੋ ਗਿਆ।
ਮਾਲਾਵਲੀ ਵਿੱਚ ਸੈਟਲ ਗੋਵਿੰਦਰਾਜੂ ਅਕਸਰ ਆਪਣੀ ਪਤਨੀ ਦੇ ਨਾਲ, ਆਪਣੇ ਮਾਤਾ-ਪਿਤਾ ਨੂੰ ਮਿਲਣ ਆਉਂਦਾ ਸੀ। ਪਿਛਲੇ ਮਹੀਨੇ ਜਦੋਂ ਇਹ ਜੋੜਾ ਉੱਥੇ ਆਇਆ ਤਾਂ ਸ਼ਵੇਤਾ ਨੇ ਆਪਣੇ ਗੁਆਂਢੀ ਨਾਲ ਗੱਲ ਕਰਕੇ ਖੁਲਾਸਾ ਕੀਤਾ ਸੀ ਕਿ ਉਹ ਦਲਿਤ ਹੈ।
ਇਹ ਮਾਮਲਾ ਪਿੰਡ ਦੇ ਬਜ਼ੁਰਗਾਂ ਤੱਕ ਪਹੁੰਚਿਆ ਅਤੇ ਉਨ੍ਹਾਂ ਨੇ 23 ਫਰਵਰੀ ਨੂੰ ਮੀਟਿੰਗ ਕਰਕੇ ਜੋੜੇ ਦੇ ਮਾਪਿਆਂ ਨੂੰ ਬੁਲਾ ਕੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਅਤੇ 1 ਮਾਰਚ ਤੱਕ ਜੁਰਮਾਨਾ ਭਰਨ ਲਈ ਕਿਹਾ।
ਇਸ ਸਬੰਧ ਵਿੱਚ ਜੋੜੇ ਵੱਲੋਂ ਪਿੰਡ ਦੇ 12 ਵਿਅਕਤੀਆਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬਜ਼ੁਰਗਾਂ ਨੇ ਸ਼ਿਕਾਇਤ ਦਾ ਪਤਾ ਲੱਗਣ ’ਤੇ ਜੁਰਮਾਨੇ ਦੀ ਰਕਮ ਵਧਾ ਕੇ 6 ਲੱਖ ਰੁਪਏ ਕਰ ਦਿੱਤੀ ਅਤੇ ਗੋਵਿੰਦਰਾਜੂ ਦੇ ਪਰਿਵਾਰ ਦਾ ਪਿੰਡ ਵਿੱਚੋਂ ਬਾਈਕਾਟ ਕਰ ਦਿੱਤਾ।
ਪਿੰਡ ਵਾਸੀਆਂ ਨੇ ਪਰਿਵਾਰ ਨੂੰ ਪਿੰਡ ਤੋਂ ਬਾਹਰ ਭੇਜ ਦਿੱਤਾ ਹੈ ਅਤੇ ਹੁਕਮ ਦਿੱਤਾ ਹੈ ਕਿ ਉਹ ਪਿੰਡ ਵਿੱਚੋਂ ਰਾਸ਼ਨ, ਸਬਜ਼ੀਆਂ, ਦੁੱਧ, ਪਾਣੀ ਨਾ ਖਰੀਦਣ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।