ਨਵੀਂ ਦਿੱਲੀ, 5 ਮਾਰਚ, ਦੇਸ਼ ਕਲਿੱਕ ਬਿਓਰੋ :
ਦਿੱਲੀ ਦੇ ਇਕ ਸਕੂਲ ਨੂੰ ਮਨੀਸ਼ ਸਿਸੋਦੀਆ ਦਾ ਬੈਨਰ ਗੇਟ ਉਤੇ ਲਗਾਉਣਾ ਮਹਿੰਗਾ ਪੈ ਗਿਆ ਹੈ। ਦਿੱਲੀ ਪੁਲਿਸ ਵੱਲੋਂ ਦਿੱਲੀ ਸਰਕਾਰ ਦੇ ਇਕ ਸਕੂਲ ਖਿਲਾਫ ਗੇਟ ਉਤੇ ‘ਆਈ ਲਵ ਮਨੀਸ਼ ਸਿਸੋਦੀਆ’ ਦਾ ਬੈਨਰ ਲਗਾਉਣ ਖਿਲਾਫ ਕੇਸ ਦਰਜ ਕੀਤਾ ਹੈ। ਦਿੱਲੀ ਦੇ ਉਤਰ ਪੂਰਬ ਦੇ ਸ਼ਾਸਤਰੀ ਪਾਰਕ ਖੇਤਰ ਵਿੱਚ ਸਥਾਨਕ ਵਾਸੀਆਂ ਨੇ ਸ਼ੁਕਰਵਾਰ ਨੂੰ ਸਵੇਰੇ ਬੈਨਰ ਲਗਾਏ ਜਾਣ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸ਼ਾਸਤਰੀ ਪਾਰਕ ਪੁਲਿਸ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸ ਸਬੰਧੀ ਸਥਾਨਕ ਵਾਸੀ ਦਿਵਾਕਰ ਪਾਂਡੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ। ਸ਼ਿਕਾਇਤ ਕਰਤਾ ਪਾਂਡੇ ਨੇ ਦੋਸ਼ ਲਗਾਇਆ ਕਿ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸ਼ਾਸਤਰੀ ਪਾਰਕ ਵਿੱਚ ਸਰਕਾਰੀ ਸਕੂਲ ਦੇ ਗੇਟ ਉਤੇ ਬੈਨਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਇੰਤਰਾਜ ਕੀਤਾ ਕਿ ਇਹ ਸਿੱਖਿਆ ਦਾ ਮੰਦਰ ਹੈ, ਇਸ ਨੂੰ ਰਾਜਨੀਤੀ ਤੋਂ ਦੂਰ ਰੱਖੋ। ਸ਼ਿਕਾਇਤ ਕਰਤਾ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਵਿਰੋਧ ਕਰਨ ਤੋਂ ਬਾਅਦ ਬੈਨਰ ਹਟਾ ਦਿੰਤਾ ਗਿਆ। ਉਸਨੇ ਕਿਹਾ ਕਿ ਅਸੀਂ ਪ੍ਰਿੰਸੀਪਲ ਤੋਂ ਪੁੱਛਿਆ, ਪ੍ਰੰਤੂ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝ ਨਹੀਂ ਸਕੀ, ਇਸ ਤੋਂ ਬਾਅਦ ਮੈਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।