ਚੰਡੀਗੜ੍ਹ, 5 ਮਾਰਚ, ਦੇਸ਼ ਕਲਿੱਕ ਬਿਓਰੋ :
ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਅਰਵਿੰਦ ਕੇਜਰੀਵਾਲ ਸਮੇਤ ਵਿਰੋਧੀ ਧਿਰ ਦੇ 9 ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਵਿਰੋਧੀ ਧਿਰ ਦੇ ਨੇਤਾਵਾਂ ਵਿਰੁੱਧ ਜਿਸ ਤਰ੍ਹਾਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਅਸੀਂ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਵਧ ਰਹੇ ਹਾਂ। ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਬੀਆਰਐਸ ਪ੍ਰਮੁੱਖ ਚੰਦਰਸ਼ੇਖਰ ਰਾਓ, ਜੇਕੇਐਨਸੀ ਪ੍ਰਮੁੱਖ ਫਾਰੂਕ ਅਬਦੁਲਾਹ, ਏਆਈਟੀਸੀ ਪ੍ਰਮੁੱਖ ਮਮਤਾ ਬੈਨਰਜੀ, ਐਨਸੀਪੀ ਪ੍ਰਮੁੱਖ ਸ਼ਰਦ ਪਵਾਰ ਅਤੇ ਸ਼ਿਵਸੇਨਾ ਪ੍ਰਮੁੱਖ ਉਦਵ ਠਾਕਰੇ, ਐਸਪੀ ਦੇ ਅਖਿਲੇਸ਼ ਯਾਦਵ, ਆਰਜੇਡੀ ਦੇ ਤੇਜਸਵੀ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਇਕ ਸਾਂਝਾ ਪੱਤਰ ਲਿਖਿਆ ਗਿਆ ਹੈ।
ਪਾਰਟੀਆਂ ਵੱਲੋਂ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਕੀਤੀ ਜਾ ਰਹੀ ਦੁਰਵਰਤੋਂ ਦੀ ਸਖਤ ਨਿੰਦਾ ਕੀਤੀ ਗਈ ਹੈ। ਲਿਖੇ ਪੱਤਰ ਵਿੱਚ ਹੇਮੰਤ ਵਿਸ਼ਵ ਸ਼ਰਮਾ ਉਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਖਿਲਾਫ ਹੌਲੀ ਗਤੀ ਵਿੱਚ ਜਾਂਚ ਹੁੰਦੀ ਹੈ। ਲਿਖੇ ਪੱਤਰ ਵਿੱਚ ਲੋਕਤੰਤਰਿਕ ਢੰਗ ਨਾਲ ਚੁਣੀਆਂ ਗਈਆਂ ਸਰਕਾਰਾਂ ਦੇ ਕੰਮਕਾਜ ਵਿੱਚ ਗਵਰਨਰਾਂ ਦਫ਼ਤਰਾਂ ਵੱਲੋਂ ਦਖਲਅੰਦਾਜ਼ੀ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ।(MOREPIC1)(MOREPIC2)(MOREPIC3)