ਬੈਂਗਲੁਰੂ : 4 ਮਾਰਚ, ਦੇਸ਼ ਕਲਿੱਕ ਬਿਓਰੋ
ਇੱਕ 11 ਸਾਲ ਦਾ ਬੱਚਾ ਦੋ ਦਿਨਾਂ ਤੱਕ ਆਪਣੀ ਮਾਂ ਨਾਲ ਇਹ ਸੋਚ ਕੇ ਸੁੱਤਾ ਰਿਹਾ ਕਿ ਉਹ ਆਰਾਮ ਕਰ ਰਹੀ ਹੈ, ਹਾਲਾਂਕਿ ਉਸਦੀ ਮੌਤ ਹੋ ਚੁੱਕੀ ਸੀ। ਬੱਚੇ ਦੀ ਮਾਂ ਬਿਮਾਰ ਰਹਿੰਦੀ ਸੀ ਅਤੇ ਇਸ ਕਾਰਨ ਇਕ ਰਾਤ ਜਦੋਂ ਉਸ ਦੀ ਮੌਤ ਹੋ ਗਈ ਤਾਂ ਬੱਚੇ ਨੂੰ ਇਸ ਬਾਰੇ ਪਤਾ ਨਹੀਂ ਲੱਗਾ। ਸਵੇਰੇ ਜਦੋਂ ਉਹ ਉੱਠਿਆ ਤਾਂ ਉਸ ਨੂੰ ਲੱਗਾ ਕਿ ਉਸ ਦੀ ਮਾਂ ਸੌਂ ਰਹੀ ਹੈ।
ਅੰਨਾਮਾ ਨਾਂ ਦੀ 44 ਸਾਲਾ ਔਰਤ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਸੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਪਰ ਜਦੋਂ ਦੋ ਦਿਨ ਤੱਕ ਮਾਂ ਨਹੀਂ ਉੱਠੀ ਤਾਂ ਉਸ ਨੇ ਗੁਆਂਢ 'ਚ ਰਹਿੰਦੇ ਆਪਣੇ ਦੋਸਤ ਨੂੰ ਸੂਚਨਾ ਦਿੱਤੀ। ਉਸ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਉਸ ਦੀ ਮਾਂ ਦੋ ਦਿਨਾਂ ਤੋਂ ਨੀਂਦ ਤੋਂ ਨਹੀਂ ਉੱਠੀ ਸੀ। ਇਸ ਤੋਂ ਬਾਅਦ ਦੋਸਤ ਦੇ ਮਾਤਾ-ਪਿਤਾ ਉਸ ਦੇ ਘਰ ਪਹੁੰਚੇ ਅਤੇ ਦੇਖਿਆ ਕਿ ਔਰਤ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਅੰਨੰਮਾ ਗੂੰਗੀ ਅਤੇ ਬੋਲ਼ੀ ਸੀ ਅਤੇ ਉਸਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਬੰਗਲੌਰ ਵਿੱਚ ਰਹਿ ਰਹੀ ਸੀ। ਉਹ ਘਰੇਲੂ ਨੌਕਰ ਵਜੋਂ ਕੰਮ ਕਰ ਰਹੀ ਸੀ ਜਦੋਂ ਕਿ ਉਸਦਾ ਪੁੱਤਰ ਸਕੂਲ ਜਾਂਦਾ ਸੀ। ਹਾਲਾਂਕਿ ਸਿਹਤ ਖਰਾਬ ਹੋਣ ਕਾਰਨ ਉਸ ਨੇ ਦੋ ਦਿਨ ਪਹਿਲਾਂ ਕੰਮ ਛੱਡ ਦਿੱਤਾ ਸੀ।
ਮਾਂ ਦੀ ਮੌਤ ਤੋਂ ਬਾਅਦ ਵੀ ਬੱਚਾ ਖੁਦ ਸਕੂਲ ਗਿਆ ਅਤੇ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਪਾਰਕ 'ਚ ਖੇਡਣ ਚਲਾ ਗਿਆ। ਉਨ੍ਹਾਂ ਨਾਲ ਖਾਣਾ ਵੀ ਖਾਧਾ ਸੀ। ਖੇਡ ਕੇ ਉਹ ਘਰ ਪਰਤਦਾ ਤੇ ਮੁੜ ਮਾਂ ਕੋਲ ਹੀ ਸੌਂ ਜਾਂਦਾ।