ਨਵੀਂ ਦਿੱਲੀ, 3 ਮਾਰਚ, ਦੇਸ਼ ਕਲਿੱਕ ਬਿਓਰੋ :
ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਭਾਜਪਾ ਵਿਧਾਇਕ ਦੇ ਬੇਟੇ ਘਰੋਂ 6 ਕਰੋੜ ਰੁਪਏ ਦੀ ਨਗਦੀ ਮਿਲੀ ਹੈ। ਕਰਨਾਟਕ ਵਿੱਚ ਭਾਜਪਾ ਦੇ ਵਿਧਾਇਕ ਦੇ ਨੌਕਰਸ਼ਾਹ ਪੁੱਤ ਦੇ ਘਰੋਂ ਇਹ 6 ਕਰੋੜ ਰੁਪਏ ਮਿਲੇ ਹਨ। ਲੋਕਾਯੁਕਤ ਦੀ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਨੇ ਭਾਜਪਾ ਵਿਧਾਇਕ ਮਦਲ ਵੀਰੂਪਕਸ਼ੱਪਾ ਦੇ ਪੁੱਤ ਪ੍ਰਸ਼ਾਂਤ ਮਦਲ ਦੇ ਘਰ ਛਾਪਾ ਮਾਰਿਆ ਤਾਂ ਨਗਦੀ ਦੇ ਢੇਰ ਮਿਲੇ। ਭਾਜਪਾ ਵਿਧਾਇਕ ਦੇ ਬੇਟਾ ਬੇਂਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਮੁੱਖ ਲੇਖਾਕਾਰ ਹੈ।
ਜ਼ਿਕਰਯੋਗ ਹੈ ਕਿ ਲੋਕਾਯੁਕਤ ਅਧਿਕਾਰੀਆਂ ਨੇ ਵੀਰਵਾਰ ਨੂੰ ਭਾਜਪਾ ਵਿਧਾਇਕ ਮਦਲ ਵੀਰੂਪਕਸ਼ੱਪਾ ਦੇ ਬੇਟੇ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਸੀ। ਲੋਕਾਯੁਗਤ ਤੋਂ ਸੂਤਰਾਂ ਨਾਲ ਆਈਆਂ ਖ਼ਬਰਾਂ ਅਨੁਸਾਰ ਪ੍ਰਸ਼ਾਂਤ ਕੁਮਾਰ ਨੂੰ ਉਨ੍ਹਾਂ ਦੇ ਪਿਤਾ ਦੇ ਬੇਂਗਲੁਰੂ ਦੇ ਦਫ਼ਤਰ ਕਰਨਾਟਕ ਸੋਪ ਐਂਡ ਡਿਟਜੈਂਟ ਲਿਮਟਿਡ (KSDL) ਤੋਂ ਗ੍ਰਿਫਤਾਰ ਕੀਤਾ ਸੀ, ਜਿੱਥੇ ਉਹ ਰਿਸ਼ਵਤ ਲੈ ਰਿਹਾ ਸੀ। ਲੋਕਾਯੁਕਤ ਪੁਲਿਸ ਅਨੁਸਾਰ ਪ੍ਰਸ਼ਾਂਤ ਨੇ ਰਿਸ਼ਵਤ ਵਜੋਂ 80 ਲੱਖ ਰੁਪਏ ਦੀ ਮੰਗ ਕੀਤੀ ਸੀ। ਪ੍ਰਸ਼ਾਂਤ ਦੇ ਪਿਤਾ ਕਰਨਾਟਕ ਦੇ ਦਾਵਣਗੇਰੇ ਜ਼ਿਲ੍ਹੇ ਦੇ ਚਨਾਗਿਰੀ ਤੋਂ ਵਿਧਾਇਕ ਹਨ ਅਤੇ ਕੇਐਸਡੀਐਲ ਦੇ ਚੇਅਰਮੈਨ ਹਨ।