ਸ਼੍ਰੀਨਗਰ,28 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਦਗਾਮਪੋਰਾ ਵਿੱਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਇਸ 'ਚ ਇਕ ਅੱਤਵਾਦੀ ਮਾਰਿਆ ਗਿਆ। ਡੀਜੀਪੀ ਦਿਲਬਾਗ ਸਿੰਘ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ, ਪਰ ਅੱਤਵਾਦੀਆਂ ਦੀ ਪਛਾਣ ਨਹੀਂ ਦੱਸੀ। ਸੂਤਰਾਂ ਮੁਤਾਬਕ ਮਾਰਿਆ ਗਿਆ ਅੱਤਵਾਦੀ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੀ ਹੱਤਿਆ 'ਚ ਸ਼ਾਮਲ ਹੋ ਸਕਦਾ ਹੈ। ਫੌਜ ਦੇ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੁਲਵਾਮਾ 'ਚ ਆਪਣੀ ਪਤਨੀ ਨਾਲ ਬਾਜ਼ਾਰ ਜਾ ਰਹੇ ਕਸ਼ਮੀਰੀ ਪੰਡਿਤ ਬੈਂਕ ਗਾਰਡ ਸੰਜੇ ਸ਼ਰਮਾ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਾਤਲਾਂ ਦੇ ਪਦਗਾਮਪੋਰਾ 'ਚ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਹਮਲੇ ਦੇ ਬਾਅਦ ਤੋਂ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਲਗਾਤਾਰ ਕਾਤਲਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।