ਸ਼ਿਲਾਂਗ,ਕੋਹੀਮਾ: 27 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਮੇਘਾਲਿਆ ਅਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਮੇਘਾਲਿਆ ਦੀਆਂ 60 ਅਤੇ ਨਾਗਾਲੈਂਡ ਦੀਆਂ 59 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਣੀ ਹੈ। ਚੋਣਾਂ ਦੇ ਨਤੀਜੇ 2 ਮਾਰਚ ਨੂੰ ਆਉਣਗੇ। ਨਾਗਾਲੈਂਡ 'ਚ 60 ਸੀਟਾਂ ਹਨ ਪਰ ਇਕ ਸੀਟ ਤੋਂ ਕਾਂਗਰਸ ਉਮੀਦਵਾਰ ਦੇ ਹਟਣ ਤੋਂ ਬਾਅਦ ਸਿਰਫ 59 ਸੀਟਾਂ 'ਤੇ ਹੀ ਵੋਟਿੰਗ ਹੋਵੇਗੀ। ਇੱਥੇ ਭਾਜਪਾ ਉਮੀਦਵਾਰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ।ਇਸ ਸਮੇਂ ਦੋਵਾਂ ਸੂਬਿਆਂ 'ਚ ਭਾਜਪਾ ਦੀ ਗੱਠਜੋੜ ਸਰਕਾਰ ਹੈ। ਮੇਘਾਲਿਆ ਵਿੱਚ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਨੇ ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਹੈ, ਪਰ ਦੋਵੇਂ ਪਾਰਟੀਆਂ 2023 ਦੀਆਂ ਵਿਧਾਨ ਸਭਾ ਚੋਣਾਂ ਵੱਖ-ਵੱਖ ਲੜ ਰਹੀਆਂ ਹਨ। ਇਸ ਦੇ ਨਾਲ ਹੀ ਨਾਗਾਲੈਂਡ ਵਿੱਚ ਨੈਸ਼ਨਲਿਸਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਐਨਡੀਪੀਪੀ) ਅਤੇ ਭਾਜਪਾ ਦੀ ਗੱਠਜੋੜ ਸਰਕਾਰ ਹੈ। ਇਸ ਵਾਰ ਵੀ ਦੋਵੇਂ ਪਾਰਟੀਆਂ ਇਕੱਠੇ ਚੋਣ ਲੜ ਰਹੀਆਂ ਹਨ।