ਗਾਂਧੀਨਗਰ, 25 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਹੈ। ਇੱਥੋਂ ਦੇ ਅਤਲਾਦਰ ਪੜਰਾ ਰੋਡ ’ਤੇ ਇੱਕ ਕਾਰ ਦੀ ਆਟੋ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਵਡੋਦਰਾ ਦੇ ਟ੍ਰੈਫਿਕ ਐਸਪੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੂਰਾ ਪਰਿਵਾਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵਡੋਦਰਾ ਦੇ ਸਹਾਇਕ ਪੁਲਿਸ ਕਮਿਸ਼ਨਰ ਪ੍ਰਣਵ ਕਟਾਰੀਆ ਨੇ ਦੱਸਿਆ ਕਿ ਦੇਰ ਰਾਤ ਇੱਕ ਕਾਰ ਆਟੋ ਰਿਕਸ਼ਾ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ।ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਹਾਦਸਾ ਵਾਪਰਿਆ, ਉੱਥੇ ਹਾਹਾਕਾਰ ਮੱਚ ਗਈ। ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਵਡੋਦਰਾ ਦੇ ਐਸਐਸਜੀ ਹਸਪਤਾਲ ਭੇਜ ਦਿੱਤਾ ਗਿਆ ਹੈ।