ਚੇਅਰਮੈਨ ਸਾਥੀ ਕੇ. ਗੰਗਾਥਰਨ ਨੇ ਪਾਰਟੀ ਦਾ ਸੂਹਾ ਝੰਡਾ ਲਹਿਰਾਇਆ,
ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵਲੋਂ ਵਿਧੀਵਤ ਉਦਘਾਟਨ
ਭਰਾਤਰੀ ਖੱਬੀਆਂ ਪਾਰਟੀਆਂ ਦੇ ਪ੍ਰਮੁੱਖ ਆਗੂ ਸ਼ੁਭ ਕਾਮਨਾਵਾਂ ਦੇਣ ਪੁੱਜੇ
ਕੋਝੀਕੋਡ ; 23 ਫਰਵਰੀ - (ਦੀਪਕ ਠਾਕੁਰ)
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਦੂਜੀ ਕੁੱਲ ਹਿੰਦ ਕਾਨਫਰੰਸ 23 ਫਰਵਰੀ ਨੂੰ "ਸ਼ਹੀਦ ਇ ਆਜ਼ਮ ਭਗਤ ਸਿੰਘ ਨਗਰ", ਨਾਲੰਦਾ ਆਡੀਟੋਰੀਅਮ ਕੋਝੀਕੋਡ, ਕੇਰਲਾ ਵਿਖੇ ਆਰੰਭ ਹੋਈ ।
ਕਾਨਫਰੰਸ ਤੋਂ ਪਹਿਲਾਂ ਦੇਸ਼ ਭਰ ਚੋਂ ਪੁੱਜੇ ਡੈਲੀਗੇਟਾਂ ਵਲੋਂ ਕੋਝੀਕੋਡ ਸ਼ਹਿਰ ਦੇ ਬਾਜ਼ਾਰਾਂ ਵਿੱਚ ਬਾਜ਼ਾਬਤਾ ਮਾਰਚ ਕੱਢਿਆ।
ਉਪਰੰਤ ਚੇਅਰਮੈਨ ਸਾਥੀ ਕੇ. ਗੰਗਾਥਰਨ ਨੇ ਦੇਸ਼ ਭਰ ਚੋਂ ਪੁੱਜੇ ਡੈਲੀਗੇਟਾਂ ਦੀ ਹਾਜ਼ਰੀ ਵਿਚ ਕਿਰਤੀ ਜਮਾਤ ਦੀ ਬੰਦ ਖਲਾਸੀ ਦਾ ਪ੍ਰਤੀਕ ਸੂਹਾ ਝੰਡਾ ਲਹਿਰਾ ਕੇ ਕਾਨਫਰੰਸ ਦਾ ਆਗ਼ਾਜ਼ ਕੀਤਾ। ਮਲਿਆਲੀ ਬੈਂਡ ਦੇ ਕਲਾਕਾਰਾਂ ਨੇ ਸ਼ਹੀਦਾਂ ਦੇ ਖ਼ੂਨ ਨਾਲ ਰੰਗੇ ਲਾਲ ਫੁਰੇਰੇ ਦੀ ਸ਼ਾਨ ਵਿਚ ਸੰਗੀਤਕ ਧੁਨਾਂ ਪੇਸ਼ ਕੀਤੀਆਂ ।
ਇਕ ਸ਼ੋਕ ਮਤੇ ਰਾਹੀਂ ਸਦੀਵੀਂ ਵਿਛੋੜਾ ਦੇ ਗਏ ਸੰਸਾਰ ਕਮਿਊਨਿਸਟ ਲਹਿਰ ਦੇ ਆਗੂਆਂ, ਕਿਸਾਨ ਅੰਦੋਲਨ ਦੇ ਸ਼ਹੀਦਾਂ, ਸਾਮਰਾਜੀਆਂ ਵੱਲੋਂ ਛੇੜੀਆਂ ਜਾਂਦੀਆਂ ਨਿਹੱਕੀਆਂ ਜੰਗਾਂ ਅਤੇ ਕੁਦਰਤੀ ਆਫਤਾਂ ਕਰਕੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ।
ਸਵਾਗਤੀ ਕਮੇਟੀ ਦੇ ਚੇਅਰਮੈਨ, ਉੱਘੇ ਕਾਨੂੰਨਦਾਨ ਸਾਥੀ ਪੀ. ਕੁਮਾਰਨਕੁੱਟੀ ਨੇ ਪ੍ਰਤੀਨਿਧ ਸਾਥੀਆਂ ਦਾ ਸਵਾਗਤ ਕੀਤਾ।
ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਾਨਫਰੰਸ ਦਾ ਵਿਧੀਵਤ ਉਦਘਾਟਨ ਕਰਦਿਆਂ ਵਰਤਮਾਨ ਕੌਮਾਂਤਰੀ ਅਤੇ ਕੌਮੀ ਰਾਜਸੀ ਅਵਸਥਾ, ਕਮਿਊਨਿਸਟ ਲਹਿਰ ਸਨਮੁਖ ਗੰਭੀਰ ਚੁਣੌਤੀਆਂ ਅਤੇ ਪਾਰਟੀ ਦੇ ਕਰਨ ਗੋਚਰੇ ਭਵਿੱਖੀ ਕਾਰਜਾਂ ਦਾ ਖਾਕਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰ ਕਿਰਤੀ ਦੀ ਸਾਮਰਾਜੀ ਲੁੱਟ-ਖਸੁੱਟ ਤੋਂ ਮੁਕਤੀ ਦਾ ਸੰਗਰਾਮ ਤੇਜ਼ ਕਰਨਾ ਅਤੇ ਭਾਰਤ ਦੀਆਂ ਕਾਰਪੋਰੇਟ ਪੱਖੀ ਫਿਰਕੂ-ਫਾਸਿਸਟ ਤਾਕਤਾਂ ਦਾ ਲੋਕ ਦੋਖੀ ਕਿਰਦਾਰ ਬੇਪਰਦ ਕਰਕੇ ਇਨ੍ਹਾਂ ਨੂੰ ਮਿਹਨਤੀ ਲੋਕਾਂ ਚੋਂ ਅਲੱਗ-ਥਲੱਗ ਕਰਨਾ ਕਮਿਊਨਿਸਟ ਲਹਿਰ ਦੇ ਅਜੋਕੇ ਪ੍ਰਮੁੱਖ ਨਿਸ਼ਾਨੇ ਹਨ।
ਭਰਾਤਰੀ ਖੱਬੀਆਂ ਪਾਰਟੀਆਂ ਦੇ ਆਗੂਆਂ ਸਰਵ ਸਾਥੀ ਅਸ਼ੋਕ ਓਮਕਾਰ ਜਨਰਲ ਸਕੱਤਰ ਐਮਸੀਪੀਆਈ-ਯੂ, ਸਾਥੀ ਪੀ.ਜੇ. ਜੇਮਸ ਜਨਰਲ ਸਕੱਤਰ ਸੀਪੀਆਈ (ਐਮ. ਐਲ.) ਰੈਡ ਸਟਾਰ ਅਤੇ ਨਾਮਵਰ ਖੱਬੇ ਪੱਖੀ ਆਗੂ ਸੀ.ਪੀ. ਜੌਹਨ ਨੇ ਭਰਾਤਰੀ ਸੰਦੇਸ਼ ਦਿੱਤੇ । ਬੁਲਾਰਿਆਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਏਜੰਡੇ ਅਨੁਸਾਰ ਦੇਸ਼ ਨੂੰ ਧਰਮ ਆਧਾਰਿਤ ਕੱਟੜ ਹਿੰਦੂ ਰਾਸ਼ਟਰ 'ਚ ਤਬਦੀਲ ਕਰਨ ਲਈ ਯਤਨਸ਼ੀਲ ਮੋਦੀ-ਸ਼ਾਹ ਸਰਕਾਰ ਨੂੰ ਚਲਦਾ ਕਰਨ ਲਈ ਖੱਬੀਆਂ ਅਤੇ ਅਗਾਂਹਵਧੂ ਤਾਕਤਾਂ ਦਾ ਸਾਂਝਾ ਹੱਲਾ ਬੋਲਣ 'ਤੇ ਜ਼ੋਰ ਦਿੱਤਾ।
ਇਸ ਪਿੱਛੋਂ ਸਾਥੀ ਮੰਗਤ ਰਾਮ ਪਾਸਲਾ ਨੇ ਪਿਛਲੇ ਸਮੇਂ 'ਚ ਕੀਤੀਆਂ ਗਈਆਂ ਬੇਸ਼ੁਮਾਰ ਸਰਗਰਮੀਆਂ, ਵਿਚਾਰਧਾਰਕ ਤੇ ਰਾਜਸੀ ਘੋਲਾਂ, ਜੱਥੇਬੰਦਕ ਪ੍ਰਾਪਤੀਆਂ ਅਤੇ ਰਹਿ ਗਈਆਂ ਘਾਟਾਂ-ਕਮਜ਼ੋਰੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ 'ਤੇ ਡੈਲੀਗੇਟਾਂ ਵਲੋਂ ਭਰਵੀਂ, ਉਸਾਰੂ ਬਹਿਸ ਕੀਤੀ ਜਾ ਰਹੀ ਹੈ।
ਕਾਨਫਰੰਸ ਦੀ ਪ੍ਰਧਾਨਗੀ ਸਰਵ ਸਾਥੀ ਕੇ. ਗੰਗਾਥਰਨ, ਕੇ.ਕੇ. ਰੇਮਾ, ਪਰਗਟ ਸਿੰਘ ਜਾਮਾਰਾਏ, ਤੇਜਿੰਦਰ ਥਿੰਦ, ਰਮੇਸ਼ ਠਾਕੁਰ ਅਤੇ ਐਨ. ਵੇਣੂ 'ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਮੰਚ 'ਤੇ ਪਾਰਟੀ ਦੇ ਖਜ਼ਾਨਚੀ ਸਾਥੀ ਰਜਿੰਦਰ ਪਰਾਂਜਪੇ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰਾਨ ਸਾਥੀ ਹਰਕੰਵਲ ਸਿੰਘ ਤੇ ਕੇ.ਐਸ. ਹਰੀਹਰਨ, ਕੇਂਦਰੀ ਕਮੇਟੀ ਦੇ ਮੈਂਬਰਾਨ ਮਹੀਪਾਲ, ਸੱਜਣ ਸਿੰਘ ਅਤੇ ਹੋਰ ਕੌਮੀ ਆਗੂ ਵੀ ਮੌਜੂਦ ਸਨ।ਚਾਰ ਰੋਜ਼ਾ ਕਾਨਫਰੰਸ ਵਿਚ ਪੰਜਾਬ ਤੋਂ 77 ਦੇ ਕਰੀਬ ਡੈਲੀਗੇਟ ਹਿਸਾ ਲੈ ਰਹੇ ਹਨ।