ਨਵੀਂ ਦਿੱਲੀ, 18 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਜੀਐਸਟੀ ਕੌਂਸਲ ਦੀ 49ਵੀਂ ਮੀਟਿੰਗ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿੱਚ ਹੋਵੇਗੀ। ਇਸ 'ਚ ਅਪੀਲੀ ਟ੍ਰਿਬਿਊਨਲ ਦੇ ਗਠਨ ਅਤੇ ਪਾਨ ਮਸਾਲਾ ਅਤੇ ਗੁਟਖਾ ਕਾਰੋਬਾਰ 'ਚ ਟੈਕਸ ਚੋਰੀ ਨੂੰ ਰੋਕਣ ਦੀ ਵਿਵਸਥਾ 'ਤੇ ਚਰਚਾ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬੈਠਕ 'ਚ ਬਾਜਰੇ ਦੇ ਉਤਪਾਦਾਂ 'ਤੇ ਜੀਐੱਸਟੀ ਘਟਾਉਣ 'ਤੇ ਚਰਚਾ ਹੋ ਸਕਦੀ ਹੈ। ਨਾਲ ਹੀ ਖੁੱਲ੍ਹੇ 'ਚ ਵਿਕਣ ਵਾਲੇ ਬਾਜਰੇ ਦੇ ਉਤਪਾਦਾਂ 'ਤੇ GST ਨੂੰ ਖਤਮ ਕਰਨ ਦਾ ਫੈਸਲਾ ਹੋ ਸਕਦਾ ਹੈ।ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਬਾਜਰੇ ਦੇ ਉਤਪਾਦਾਂ ਉੱਤੇ ਜੀਐਸਟੀ 18 ਫੀਸਦੀ ਤੋਂ ਘਟਾ ਕੇ ਪੰਜ ਫੀਸਦੀ ਕੀਤਾ ਜਾ ਸਕਦਾ ਹੈ।ਇਸ ਤੋਂ ਬਾਅਦ ਪਾਨ-ਮਸਾਲਾ ਅਤੇ ਗੁਟਖਾ ਉਦਯੋਗ 'ਚ ਟੈਕਸ ਚੋਰੀ ਨੂੰ ਰੋਕਣ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੈਨਸਿਲ ਸ਼ਾਰਪਨਰ 'ਤੇ GST ਵੀ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤੀ ਜਾ ਸਕਦੀ ਹੈ। ਮੀਟਿੰਗ ਵਿੱਚ ਜੀਐਸਟੀ ਟ੍ਰਿਬਿਊਨਲ ਲਈ ਬਣਾਏ ਗਏ ਜੀਓਐਮ ਦੀਆਂ ਸਿਫ਼ਾਰਸ਼ਾਂ 'ਤੇ ਵੀ ਚਰਚਾ ਹੋ ਸਕਦੀ ਹੈ।