ਲਖਨਊ, 16 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਯੂਪੀ ਦੇ ਸੁਲਤਾਨਪੁਰ ਜੰਕਸ਼ਨ ਦੇ ਦੱਖਣੀ ਕੈਬਿਨ ਨੇੜੇ ਅੱਜ ਵੀਰਵਾਰ ਸਵੇਰੇ ਦੋ ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ 'ਚ ਚਾਰ ਲੋਕ ਜ਼ਖਮੀ ਹੋ ਗਏ ਹਨ, ਚਾਰੇ ਡਰਾਈਵਰ ਹਨ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਇਸ ਦੇ ਨਾਲ ਹੀ ਇਕ ਮਾਲ ਗੱਡੀ ਦੇ ਕਰੀਬ 6 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਲਖਨਊ-ਵਾਰਾਣਸੀ ਅਤੇ ਅਯੁੱਧਿਆ-ਪ੍ਰਯਾਗਰਾਜ ਰੇਲਵੇ ਟ੍ਰੈਕ ਪ੍ਰਭਾਵਿਤ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸੁਲਤਾਮਪੁਰ ਜੰਕਸ਼ਨ ਦੇ ਦੱਖਣੀ ਕੈਬਿਨ ਨੇੜੇ ਇੱਕੋ ਟ੍ਰੈਕ 'ਤੇ ਦੋ ਮਾਲ ਗੱਡੀਆਂ ਦੇ ਆ ਜਾਣ ਕਾਰਨ ਵਾਪਰਿਆ।ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ। ਜੇਕਰ ਮਾਲ ਗੱਡੀ ਦੀ ਬਜਾਏ ਯਾਤਰੀ ਰੇਲ ਨਾਲ ਅਜਿਹਾ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਫਿਲਹਾਲ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।