ਨਵੀਂ ਦਿੱਲੀ,15 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਬੀਬੀਸੀ ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ (ਆਈ.ਟੀ.) ਦੀ ਟੀਮ ਵੱਲੋਂ ਜਾਂਚ ਦੂਜੇ ਦਿਨ ਵੀ ਜਾਰੀ ਹੈ। ਸੂਤਰਾਂ ਅਨੁਸਾਰ ਆਈਟੀ ਅਧਿਕਾਰੀ 2012 ਤੋਂ ਲੈ ਕੇ ਹੁਣ ਤੱਕ ਦੇ ਖਾਤਿਆਂ ਦੇ ਵੇਰਵੇ ਦਾ ਪਤਾ ਲਗਾ ਰਹੇ ਹਨ। ਆਈਟੀ ਅਧਿਕਾਰੀਆਂ ਨੇ ਵਿੱਤ ਵਿਭਾਗ ਦੇ ਕਰਮਚਾਰੀਆਂ ਦੇ ਮੋਬਾਈਲ, ਲੈਪਟਾਪ-ਡੈਸਕਟਾਪ ਜ਼ਬਤ ਕਰ ਲਏ ਹਨ। ਸਰਵੇਖਣ ਦੌਰਾਨ ਆਈਟੀ ਅਧਿਕਾਰੀਆਂ ਅਤੇ ਬੀਬੀਸੀ ਇੰਡੀਆ ਦੇ ਸੰਪਾਦਕਾਂ ਵਿਚਕਾਰ ਬਹਿਸ ਵੀ ਹੋਈ ਹੈ। NDTV ਦੇ ਸੂਤਰਾਂ ਦੇ ਅਨੁਸਾਰ, ਸੰਪਾਦਕਾਂ ਨੇ IT ਅਧਿਕਾਰੀਆਂ ਨੂੰ ਕਿਸੇ ਵੀ ਸੰਪਾਦਕੀ ਸਮੱਗਰੀ ਤੱਕ ਪਹੁੰਚ ਦੇਣ ਤੋਂ ਇਨਕਾਰ ਕਰ ਦਿੱਤਾ।ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਬੀਬੀਸੀ 'ਤੇ ਅੰਤਰਰਾਸ਼ਟਰੀ ਟੈਕਸ 'ਚ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ। ਕਈ ਘੰਟਿਆਂ ਤੱਕ ਅਧਿਕਾਰੀ ਲੈਪਟਾਪ ਅਤੇ ਦਸਤਾਵੇਜ਼ਾਂ ਦੀ ਛਾਣਬੀਣ ਕਰਦੇ ਰਹੇ। ਦੂਜੇ ਪਾਸੇ ਬੀਬੀਸੀ ਨੇ ਮੰਗਲਵਾਰ ਸ਼ਾਮ ਨੂੰ ਟਵੀਟ ਕੀਤਾ ਸੀ ਕਿ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦਿੱਲੀ ਅਤੇ ਮੁੰਬਈ ਦੇ ਦਫਤਰਾਂ 'ਚ ਮੌਜੂਦ ਹਨ। ਅਸੀਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ। ਸਰਵੇ ਦਾ ਕੰਮ ਅਜੇ ਵੀ ਜਾਰੀ ਹੈ। ਦਫ਼ਤਰ ਵਿੱਚ ਕੰਮ ਸ਼ੁਰੂ ਹੋ ਗਿਆ ਹੈ।