ਨਵੀਂ ਦਿੱਲੀ,14 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਬੀਬੀਸੀ ਦੇ ਦਿੱਲੀ ਦਫ਼ਤਰ ‘ਚ ਆਮਦਨ ਕਰ ਵਿਭਾਗ (ਆਈ.ਟੀ.) ਦੀ ਟੀਮ ਦੇ ਪਹੁੰਚਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ 60 ਤੋਂ 70 ਆਈਟੀ ਮੁਲਾਜਮਾਂ ਦੀ ਟੀਮ ਛਾਪੇਮਾਰੀ ਵਿੱਚ ਸ਼ਾਮਲ ਹੈ। ਸੂਤਰਾਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਸਟਾਫ਼ ਦੇ ਫ਼ੋਨ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੈਂਪਸ ਵਿੱਚ ਕਿਸੇ ਨੂੰ ਵੀ ਆਉਣ-ਜਾਣ ਤੋਂ ਰੋਕ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਆਈਟੀ ਟੀਮ ਬੀਬੀਸੀ ਦਫ਼ਤਰ ਵਿੱਚ ਰੱਖੇ ਰਿਕਾਰਡ ਦੀ ਜਾਂਚ ਕਰ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਬ੍ਰਿਟਿਸ਼ ਬ੍ਰਾਡਕਾਸਟਰ ਕਾਰਪੋਰੇਸ਼ਨ (ਬੀ. ਬੀ. ਸੀ.) ਦੇ ਦਿੱਲੀ ਦਫਤਰ 'ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਬੀਸੀ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਕਰਮਚਾਰੀਆਂ ਦੇ ਫ਼ੋਨ ਜ਼ਬਤ ਕਰ ਲਏ ਗਏ ਹਨ। ਕਰਮਚਾਰੀਆਂ ਨੂੰ ਘਰ ਜਾਣ ਲਈ ਕਿਹਾ ਗਿਆ ਹੈ। ਬੀਬੀਸੀ ਦੇ ਲੰਡਨ ਹੈੱਡਕੁਆਰਟਰ ਨੂੰ ਵੀ ਛਾਪੇਮਾਰੀ ਦੀ ਸੂਚਨਾ ਦਿੱਤੀ ਗਈ ਹੈ।