ਨਵੀਂ ਦਿੱਲੀ, 12 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਆਟੇ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ 30 ਲੱਖ ਟਨ ਕਣਕ ਸਟਾਕ ‘ਚੋਂ ਕੱਢਣ ਤੋਂ ਬਾਅਦ ਕੇਂਦਰ ਸਰਕਾਰ ਕੁਝ ਹੋਰ ਵੱਡੇ ਕਦਮ ਚੁੱਕਣ ਜਾ ਰਹੀ ਹੈ। ਅਗਲੇ ਕੁਝ ਦਿਨਾਂ 'ਚ ਸਰਕਾਰ 20 ਲੱਖ ਟਨ ਕਣਕ ਹੋਰ ਮੰਡੀ 'ਚ ਵੇਚੇਗੀ। ਇਸ ਤਰ੍ਹਾਂ 50 ਲੱਖ ਟਨ ਦੀ ਸਪਲਾਈ ਨਾਲ ਮੰਡੀ ਵਿੱਚ ਕਣਕ ਦੀ ਕੀਮਤ ਹੋਰ ਘਟਣ ਦੀ ਸੰਭਾਵਨਾ ਹੈ। ਇਸ ਸਮੇਂ ਉੱਤਰ ਪੂਰਬ ਦੇ ਤਿੰਨ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ। ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸਮੇਤ ਛੇ ਰਾਜਾਂ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।ਅਜਿਹੇ ਵਿੱਚ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕਣਕ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਹੈ। ਕਣਕ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸ਼ੁੱਕਰਵਾਰ ਨੂੰ ਹੀ ਸਰਕਾਰ ਨੇ ਓਪਨ ਮਾਰਕੀਟ ਸੇਲ ਸਕੀਮ ਤਹਿਤ 2,300-2,350 ਰੁਪਏ ਪ੍ਰਤੀ ਕੁਇੰਟਲ ਕਣਕ ਵੇਚਣ ਦਾ ਐਲਾਨ ਕੀਤਾ। ਅਗਲੇ 7 ਤੋਂ 10 ਦਿਨਾਂ ਦੇ ਅੰਦਰ ਐਫਸੀਆਈ ਦੇ ਗੋਦਾਮਾਂ ‘ਚੋਂ 20 ਲੱਖ ਟਨ ਕਣਕ ਮੰਡੀ ਵਿੱਚ ਭੇਜੀ ਜਾਵੇਗੀ। ਅਜਿਹੇ ਸੰਕੇਤ ਹਨ ਕਿ ਸਰਕਾਰ ਜਮਾਖੋਰੀ ਨੂੰ ਰੋਕਣ ਲਈ ਸਟਾਕ ਦੀ ਸੀਮਾ ਤੈਅ ਕਰ ਸਕਦੀ ਹੈ। ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕਣਕ ਦੀ ਬਰਾਮਦ 'ਤੇ ਪਾਬੰਦੀ ਨਹੀਂ ਹਟਾਈ ਜਾਵੇਗੀ।