ਅਗਰਤਲਾ,11 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤ੍ਰਿਪੁਰਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਮਾਨਿਕ ਸਾਹਾ, ਪਾਰਟੀ ਦੇ ਸੂਬਾ ਇੰਚਾਰਜ ਮਹੇਸ਼ ਸ਼ਰਮਾ ਅਤੇ ਹੋਰ ਆਗੂ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ। ਮੋਦੀ ਦੁਪਹਿਰ ਕਰੀਬ 12 ਵਜੇ ਧਲਾਈ ਜ਼ਿਲ੍ਹੇ ਦੇ ਅੰਬਾਸਾ ਵਿਖੇ ਪਹਿਲੀ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ। ਦੂਜੀ ਰੈਲੀ ਬਾਅਦ ਦੁਪਹਿਰ 3 ਵਜੇ ਗੋਮਤੀ ਤੋਂ ਸ਼ੁਰੂ ਹੋਵੇਗੀ।ਬੀਜੇਪੀ ਸੂਤਰਾਂ ਮੁਤਾਬਕ ਪੀਐਮ ਮੋਦੀ 13 ਫਰਵਰੀ ਨੂੰ ਮੁੜ ਤ੍ਰਿਪੁਰਾ ਦਾ ਦੌਰਾ ਕਰਨਗੇ। ਤ੍ਰਿਪੁਰਾ ਦੀਆਂ 60 ਸੀਟਾਂ 'ਤੇ 16 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਮੇਘਾਲਿਆ ਅਤੇ ਨਾਗਾਲੈਂਡ 'ਚ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਤਿੰਨੋਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 2 ਮਾਰਚ ਨੂੰ ਇੱਕੋ ਸਮੇਂ ਹੋਵੇਗੀ।ਤ੍ਰਿਪੁਰਾ ਵਿੱਚ, ਭਾਜਪਾ ਨੇ 55 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਦੋਂ ਕਿ ਬਾਕੀ 5 ਸੀਟਾਂ ਉਸਦੇ ਸਹਿਯੋਗੀ ਇੰਡੀਜੇਨਸ ਪੀਪਲਜ਼ ਫਰੰਟ ਆਫ ਤ੍ਰਿਪੁਰਾ (IPFT) ਲਈ ਛੱਡੀਆਂ ਹਨ। ਖੱਬੇ-ਪੱਖੀ ਗਠਜੋੜ ਨੇ ਵੀ ਸਾਰੀਆਂ 60 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।