ਲਖਨਊ, 10 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਮੋਦੀ ਨੇ ਲਖਨਊ ਵਿੱਚ ਗਲੋਬਲ ਨਿਵੇਸ਼ਕ ਸੰਮੇਲਨ ਦਾ ਉਦਘਾਟਨ ਕੀਤਾ। ਮੁਕੇਸ਼ ਅੰਬਾਨੀ ਵੀ ਲਖਨਊ ਪਹੁੰਚ ਚੁੱਕੇ ਹਨ। ਇਹ ਨਿਵੇਸ਼ਕ ਸੰਮੇਲਨ 10 ਤੋਂ 12 ਫਰਵਰੀ ਤੱਕ 3 ਦਿਨ ਚੱਲੇਗਾ। ਸੰਮੇਲਨ ਲਈ ਡਿਫੈਂਸ ਐਕਸਪੋ ਗਰਾਊਂਡ 'ਚ 25,000 ਵਰਗ ਮੀਟਰ 'ਚ ਪੰਜ ਤਾਰਾ ਹੋਟਲਾਂ ਦੀ ਤਰਜ਼ 'ਤੇ 5 ਵੱਡੇ ਪੰਡਾਲ ਅਤੇ ਟੈਂਟ ਸਿਟੀ ਬਣਾਏ ਗਏ ਹਨ। ਸੰਮੇਲਨ 'ਚ 16 ਦੇਸ਼ਾਂ ਦੀਆਂ 304 ਕੰਪਨੀਆਂ 27 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ। ਲਖਨਊ ਤੋਂ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੀਐਮ ਯੋਗੀ ਵੀ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਹਨ। ਅਮਿਤ ਸ਼ਾਹ ਵੀ ਸ਼ਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਦੁਪਹਿਰ 3 ਵਜੇ ਲਖਨਊ ਪਹੁੰਚਣਗੇ।ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ ਸ਼ਹਿਰ ਦੇ ਪੰਜ ਤਾਰਾ ਹੋਟਲਾਂ ਵਿੱਚ ਰੁਕਣਗੇ। ਇਸ ਦੇ ਲਈ ਰਾਜਧਾਨੀ ਦੇ ਸਾਰੇ ਵੱਡੇ ਹੋਟਲਾਂ ਦੇ ਕਮਰੇ ਬੁੱਕ ਕਰ ਲਏ ਗਏ ਹਨ। ਇਸ ਦੇ ਨਾਲ ਹੀ ਮਹਿਮਾਨਾਂ ਦੇ ਘੁੰਮਣ ਲਈ ਦਿੱਲੀ, ਚੰਡੀਗੜ੍ਹ ਤੋਂ 1750 ਗੱਡੀਆਂ ਮੰਗਵਾਈਆਂ ਗਈਆਂ ਹਨ। ਇਨ੍ਹਾਂ ਵਿੱਚ 800 ਜੈਗੁਆਰ, ਰੇਂਜ ਰੋਵਰ ਵਰਗੀਆਂ ਲਗਜ਼ਰੀ ਗੱਡੀਆਂ ਹਨ। ਇਸ ਤੋਂ ਇਲਾਵਾ ਹਰ ਰੋਜ਼ ਮੁੰਬਈ-ਬੰਗਲੌਰ ਦੇ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਇਨ੍ਹਾਂ ਵਿੱਚ ਵਾਇਲਨ ਵਾਦਕ ਕੁਮਾਰੇਸ਼ ਰਾਜਗੋਪਾਲਨ, ਤਬਲਾ ਵਾਦਕ ਸਤਿਆਜੀਤ ਤਲਵਾਰ, ਬੰਸਰੀ ਵਾਦਕ ਅਲਕਾ ਠਾਕੁਰ ਸ਼ਾਮਲ ਹਨ।