ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ 5 ਫੀਸਦੀ ਤੱਕ ਹੋਰ ਲੁੜ੍ਹਕੇ
ਨਵੀਂ ਦਿੱਲੀ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ:
ਅਡਾਨੀ ਗਰੁੱਪ ਦੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਸੋਮਵਾਰ ਨੂੰ ਸੰਸਦ ਤੋਂ ਸੜਕ ਤੱਕ ਹੰਗਾਮਾ ਹੋਇਆ। ਲੋਕ ਸਭਾ ਅਤੇ ਰਾਜ ਸਭਾ 'ਚ ਜਿਵੇਂ ਹੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅਡਾਨੀ ਮਾਮਲੇ 'ਤੇ ਚਰਚਾ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਦੋਵਾਂ ਸਦਨਾਂ ਦੇ ਸਪੀਕਰਾਂ ਨੇ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਅੱਜ ਸਵੇਰੇ 11 ਵਜੇ ਤੱਕ ਸ਼ੇਅਰ ਬਾਜ਼ਾਰ 'ਚ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ 'ਚ 5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਉਹ 1500 ਰੁਪਏ ਦੇ ਆਸ-ਪਾਸ ਟਰੇਡ ਕਰ ਰਹੇ ਹਨ। ਇਸ ਦੇ ਨਾਲ ਹੀ ਬ੍ਰਿਟਿਸ਼ ਰਿਣਦਾਤਾ ਸਟੈਂਡਰਡ ਚਾਰਟਰਡ ਬੈਂਕ ਨੇ ਮਾਰਜਿਨ ਲੋਨ 'ਤੇ ਕੋਲੇਟਰਲ ਵਜੋਂ ਅਡਾਨੀ ਗਰੁੱਪ ਦੇ ਬਾਂਡ ਲੈਣੇ ਬੰਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸਿਟੀਗਰੁੱਪ ਅਤੇ ਕ੍ਰੈਡਿਟ ਸੁਇਸ ਬੈਂਕ ਵੀ ਅਜਿਹਾ ਕਰ ਚੁੱਕੇ ਹਨ।ਕਾਂਗਰਸ ਅੱਜ ਦੇਸ਼ ਭਰ ਵਿੱਚ ਐਲਆਈਸੀ ਅਤੇ ਐਸਬੀਆਈ ਦਫ਼ਤਰਾਂ ਅੱਗੇ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਆਪਣੇ ਦੋਸਤਾਂ ਦੀ ਮਦਦ ਲਈ ਆਮ ਲੋਕਾਂ ਦੇ ਪੈਸੇ ਦੀ ਵਰਤੋਂ ਕਰ ਰਹੀ ਹੈ। ਵਿਰੋਧੀ ਧਿਰ ਦੀ ਮੰਗ ਹੈ ਕਿ ਸਰਕਾਰ ਇਸ ਮੁੱਦੇ 'ਤੇ ਸੰਸਦ 'ਚ ਚਰਚਾ ਕਰਨ ਦੀ ਇਜਾਜ਼ਤ ਦੇਵੇ। ਇਸ ਦੇ ਨਾਲ ਹੀ ਅਡਾਨੀ ਸਮੂਹ ਦੇ ਵਿੱਤੀ ਲੈਣ-ਦੇਣ ਦੀ ਸੰਸਦੀ ਪੈਨਲ (ਜੇਪੀਸੀ) ਜਾਂ ਸੁਪਰੀਮ ਕੋਰਟ ਦੀ ਕਮੇਟੀ ਤੋਂ ਜਾਂਚ ਹੋਣੀ ਚਾਹੀਦੀ ਹੈ।