ਸਖ਼ਤੀ ਤੋਂ ਡਰਦਿਆਂ ਕੇਂਦਰ 5 ਦਿਨਾਂ 'ਚ ਦੇਵੇਗਾ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ
ਨਵੀਂ ਦਿੱਲੀ,4 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਸੁਪਰੀਮ ਕੋਰਟ 'ਚ 5 ਜੱਜਾਂ ਦੀ ਨਿਯੁਕਤੀ ਲਈ ਕੇਂਦਰ ਨੂੰ ਭੇਜੀ ਗਈ ਸਿਫਾਰਿਸ਼ ਨੂੰ ਅਗਲੇ 5 ਦਿਨਾਂ 'ਚ ਮਨਜ਼ੂਰੀ ਦੇ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਇਹ ਜਵਾਬ ਸੁਪਰੀਮ ਕੋਰਟ ਨੂੰ ਆਪਣੇ ਹਲਫ਼ਨਾਮੇ ਵਿੱਚ ਦਿੱਤਾ ਹੈ।ਕੇਂਦਰ ਦਾ ਜਵਾਬ ਸੁਪਰੀਮ ਕੋਰਟ ਦੀ ਨਾਰਾਜ਼ਗੀ ਤੋਂ ਬਾਅਦ ਆਇਆ ਹੈ।ਦਰਅਸਲ, ਐਡਵੋਕੇਟਸ ਐਸੋਸੀਏਸ਼ਨ ਬੈਂਗਲੁਰੂ ਨੇ ਇਸ ਮਾਮਲੇ ਵਿੱਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਸੀ। ਸ਼ੁੱਕਰਵਾਰ ਨੂੰ ਇਸ 'ਤੇ ਸੁਣਵਾਈ ਹੋਈ। ਅਦਾਲਤ ਨੇ ਹਾਈ ਕੋਰਟ ਦੇ ਜੱਜਾਂ ਦੇ ਤਬਾਦਲੇ ਅਤੇ ਸੁਪਰੀਮ ਕੋਰਟ ਵਿੱਚ ਨਿਯੁਕਤੀ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇਣ ਵਿੱਚ ਹੋ ਰਹੀ ਦੇਰੀ ’ਤੇ ਨਾਰਾਜ਼ਗੀ ਪ੍ਰਗਟਾਈ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਸਾਨੂੰ ਅਜਿਹਾ ਸਟੈਂਡ ਲੈਣ ਲਈ ਮਜਬੂਰ ਨਾ ਕਰੋ ਜੋ ਮੁਸੀਬਤ ਦਾ ਕਾਰਨ ਬਣੇ। ਮਾਮਲੇ ਦੀ ਅਗਲੀ ਸੁਣਵਾਈ 13 ਫਰਵਰੀ ਨੂੰ ਹੋਵੇਗੀ।ਸੁਪਰੀਮ ਕੋਰਟ ਕਾਲੇਜੀਅਮ ਨੇ 13 ਦਸੰਬਰ ਨੂੰ ਸਰਕਾਰ ਨੂੰ 5 ਨਾਵਾਂ ਦੀ ਸਿਫਾਰਿਸ਼ ਕੀਤੀ ਸੀ। ਇਨ੍ਹਾਂ ਵਿੱਚ ਜਸਟਿਸ ਪੰਕਜ ਮਿਥਲ ਚੀਫ ਜਸਟਿਸ ਰਾਜਸਥਾਨ ਹਾਈ ਕੋਰਟ, ਜਸਟਿਸ ਸੰਜੇ ਕਰੋਲ ਚੀਫ ਜਸਟਿਸ ਪਟਨਾ ਹਾਈ ਕੋਰਟ, ਜਸਟਿਸ ਪੀਵੀ ਸੰਜੇ ਕੁਮਾਰ ਚੀਫ ਜਸਟਿਸ ਮਨੀਪੁਰ ਹਾਈ ਕੋਰਟ, ਪਟਨਾ ਹਾਈ ਕੋਰਟ ਦੇ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਦੇ ਨਾਂ ਸ਼ਾਮਲ ਸਨ।ਸੁਣਵਾਈ ਦੌਰਾਨ ਅਟਾਰਨੀ ਜਨਰਲ ਆਰ ਵੈਂਕਟਾਰਮਣੀ ਨੇ ਜਸਟਿਸ ਐਸ ਕੇ ਕੌਲ ਅਤੇ ਏਐਸ ਓਕਾ ਦੀ ਬੈਂਚ ਨੂੰ ਦੱਸਿਆ ਕਿ 5 ਜੱਜਾਂ ਦੀ ਨਿਯੁਕਤੀ ਦਾ ਵਾਰੰਟ ਜਲਦੀ ਹੀ ਜਾਰੀ ਕੀਤਾ ਜਾਵੇਗਾ। ਸੁਪਰੀਮ ਕੋਰਟ ਵਿੱਚ ਸੀਜੇਆਈ ਸਮੇਤ ਜੱਜਾਂ ਦੀ ਮਨਜ਼ੂਰਸੁਦਾ ਗਿਣਤੀ 34 ਹੈ। ਇਸ ਵੇਲੇ 27 ਜੱਜਾਂ ਨਾਲ ਕੰਮ ਚੱਲ ਰਿਹਾ ਹੈ। ਪੰਜ ਜੱਜਾਂ ਦੇ ਸਹੁੰ ਚੁੱਕਣ ਤੋਂ ਬਾਅਦ ਇਹ ਗਿਣਤੀ ਵਧ ਕੇ 32 ਹੋ ਜਾਵੇਗੀ।