ਚੰਡੀਗੜ੍ਹ, 27 ਜਨਵਰੀ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਅਪਰਾਧ ਜਾਂਚ ਏਜੰਸੀ, ਬਹਾਦੁਰਗੜ੍ਹ ਵਿਚ ਤੈਨਾਤ ਸਹਾਇਕ ਸਬ ਇੰਸਪੈਕਟਰ 'ਤੇ ਇਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਝੂਠਾ ਫਸਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ।
ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਿਵਾਨੀ ਜ਼ਿਲ੍ਹੇ ਦੇ ਤੋਸ਼ਾਮ ਵਾਸੀ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੋਸ਼ ਲਗਾਇਆ ਕਿ ਏਐਸਆਈ ਮਨੋਜ ਕੁਮਾਰ ਪੁਲਿਸ ਥਾਣਾ, ਸੈਕਟਰ 6, ਬਹਾਦੁਰਗੜ੍ਹ ਵਿਚ ਦਰਜ ਇਕ ਨਸ਼ਾ ਤਸਕਰ ਦੇ ਮੁਕਦਮੇ ਵਿਚ ਫਸਾਉਣ ਦੀ ਧਮਕੀ ਦਿੰਦੇ ਹੋਏ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਸਬੰਧ ਵਿਚ ਦੋਸ਼ੀ ਏਐਸਆਈ ਪਹਿਲਾਂ ਵੀ 2 ਲੱਖ ਰੁਪਏ ਰਿਸ਼ਵਤ ਵੱਜੋਂ ਲੈ ਚੁੱਕਾ ਹੈ ਅਤੇ ਬਾਕੀ ਰਿਸ਼ਵਤ ਲੈਣ ਲਈ ਉਸ 'ਤੇ ਦਬਾਅ ਬਣਾ ਰਿਹਾ ਹੈ।
ਸ਼ਿਕਾਇਤ ਕਰਤਾ ਜੋ ਹੋਰ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਨੇ ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਫਰੀਦਾਬਾਦ ਇਕਾਈ ਦੀ ਵਿਜੀਲੈਂਸ ਟੀਮ ਨੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਰੰਗੇ ਹੱਥੀ ਫੜਣ ਲਈ ਛਾਪਾ ਮਾਰਿਆ।ਪ੍ਰੰਤੂ ਦੋਸ਼ੀ ਏਐਸਆਈ ਫਰਾਰ ਹੋ ਗਿਆ। ਦੋਸ਼ੀ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਰੋਹਤਕ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।