ਨਵੀਂ ਦਿੱਲੀ,25 ਜਨਵਰੀ,ਦੇਸ਼ ਕਲਿਕ ਬਿਊਰੋ:
ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤੇਹ ਅਲ-ਸਿਸੀ ਦਿੱਲੀ ਪਹੁੰਚੇ ਹੋਏ ਹਨ। ਉਹ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਆਪਣੇ ਦੌਰੇ ਦੌਰਾਨ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ। ਪੀਐਮ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਦਾ ਭਾਰਤ ਪਹੁੰਚਣ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ।ਪੀਐਮ ਮੋਦੀ ਨੇ ਅੱਜ ਬੁੱਧਵਾਰ ਨੂੰ ਉਨ੍ਹਾਂ ਨਾਲ ਹੋਣ ਵਾਲੀ ਬੈਠਕ ਬਾਰੇ ਟਵੀਟ ਕਰਕੇ ਵੀ ਉਤਸ਼ਾਹ ਦਿਖਾਇਆ ਹੈ।ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਰਾਸ਼ਟਰਪਤੀ ਅਬਦੇਲ ਫਤੇਹ ਅਲ-ਸਿਸੀ ਦਾ ਭਾਰਤ ਵਿੱਚ ਨਿੱਘਾ ਸੁਆਗਤ ਹੈ।ਉਨ੍ਹਾਂ ਲਿਖਿਆ ਕਿ ਸਾਡੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਤੁਹਾਡੀ ਭਾਰਤ ਦੀ ਇਤਿਹਾਸਕ ਫੇਰੀ ਸਾਰੇ ਭਾਰਤੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਉਨ੍ਹਾਂ ਨਾਲ ਚਰਚਾ ਕਰਨ ਲਈ ਉਤਸੁਕ ਹਾਂ।ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤੇਹ ਅਲ-ਸਿਸੀ ਖੇਤੀਬਾੜੀ, ਡਿਜੀਟਲ ਡੋਮੇਨ ਅਤੇ ਵਪਾਰ ਸਮੇਤ ਕਈ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਵਧਾਉਣ 'ਤੇ ਵੀ ਗੱਲਬਾਤ ਕਰਨਗੇ। ਉਨ੍ਹਾਂ ਦੇ ਪ੍ਰੋਗਰਾਮ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਸੀ ਅੱਜ ਬੁੱਧਵਾਰ ਨੂੰ ਕਈ ਮੁੱਦਿਆਂ 'ਤੇ ਗੱਲਬਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਕਈ ਖੇਤਰਾਂ 'ਚ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅੱਧੀ ਦਰਜਨ ਸਮਝੌਤਿਆਂ 'ਤੇ ਦਸਤਖਤ ਹੋਣ ਦੀ ਉਮੀਦ ਹੈ।ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਮਿਸਰ ਦੇ ਰਾਸ਼ਟਰਪਤੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਗਣਤੰਤਰ ਦਿਵਸ ਪਰੇਡ 'ਚ ਮਿਸਰ ਦੀ ਫੌਜ ਦੀ ਟੁਕੜੀ ਵੀ ਹਿੱਸਾ ਲਵੇਗੀ।