ਨਵੀਂ ਦਿੱਲੀ: 25 ਜਨਵਰੀ, ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਮੋਦੀ ਬਾਰੇ ਬੀਬੀਸੀ ਦੀ ਵਿਵਾਦਿਤ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ JNU ਵਿੱਚ ਰਾਤ ਨੂੰ ਹੰਗਾਮਾ ਹੋਇਆ। ਵਿਦਿਆਰਥੀਆਂ ਦਾ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ। ਕੈਂਪਸ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਮਾਰਚ ਸ਼ੁਰੂ ਹੋ ਗਿਆ ਅਤੇ ਪੁਲੀਸ ਵੀ ਪਹੁੰਚ ਗਈ। ਖੱਬੀਆਂ ਜਥੇਬੰਦੀਆਂ ਦੇ ਵਿਦਿਆਰਥੀਆਂ ਨੇ ਜੇਐਨਯੂ ਕੈਂਪਸ ਤੋਂ ਵਸੰਤ ਕੁੰਜ ਥਾਣੇ ਤੱਕ ਰੋਸ ਮਾਰਚ ਕੱਢਿਆ। ਵਿਦਿਆਰਥੀ ਜਥੇਬੰਦੀਆਂ ਵੱਲੋਂ ਪਥਰਾਅ ਦੇ ਦੋਸ਼ ਵੀ ਲਾਏ ਗਏ ਹਨ ਪਰ ਪੁਲੀਸ ਵੱਲੋਂ ਪਥਰਾਅ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।ਵਿਦਿਆਰਥੀਆਂ ਨੇ ਦੇਰ ਰਾਤ ਵਸੰਤ ਕੁੰਜ ਸਥਿਤ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਦੇਰ ਰਾਤ ਜੇਐਨਯੂ ਵਿਦਿਆਰਥੀ ਸੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਤੇ ਪੁਲੀਸ ਦੇ ਭਰੋਸੇ ਮਗਰੋਂ ਵਿਦਿਆਰਥੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਹ ਜਾਣਕਾਰੀ ਵਿਦਿਆਰਥੀ ਆਗੂ ਆਈਸ਼ੀ ਨੇ ਦਿੱਤੀ।ਇਸ ਵਾਰ ਪ੍ਰਸ਼ਾਸਨ ਦੀ ਪਾਬੰਦੀ ਤੋਂ ਬਾਅਦ ਵੀ ਮੰਗਲਵਾਰ ਰਾਤ ਖੱਬੇਪੱਖੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਮੋਬਾਈਲ 'ਤੇ ਸਰਕਾਰ ਦੁਆਰਾ ਪਾਬੰਦੀਸ਼ੁਦਾ ਦਸਤਾਵੇਜ਼ੀ ਫਿਲਮ 'ਇੰਡੀਆ: ਦ ਮੋਦੀ ਕਵੈਸ਼ਚਨ' ਦੀ ਸਕ੍ਰੀਨਿੰਗ ਦੇਖਣ ‘ਤੇ ਹੰਗਾਮਾ ਹੋਇਆ ਹੈ।