ਚੰਡੀਗੜ੍ਹ, 24 ਜਨਵਰੀ: ਦੇਸ਼ ਕਲਿੱਕ ਬਿਓਰੋ-
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲੰਡਨ ਵਿਚ ‘ਇੰਡੀਆ ਯੂ.ਕੇ ਆਊਟ ਸਟੈਂਡਿੰਗ ਅਚੀਵਰ ਆਨਰ’ ਨਾਲ ਸਨਮਾਨਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਅਵਾਰਡ ਉਨ੍ਹਾਂ ਵਿਅਕਤੀਆਂ ਨੂੰ ਮਾਨਤਾ ਦਿੰਦਾ ਹੈ, ਜਿਨ੍ਹਾਂ ਨੇ ਲੋਕਤੰਤਰ ਅਤੇ ਨਿਆਂ ਦੇ ਖੇਤਰ ‘ਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੋਵੇ। ਇਸ ਤੋਂ ਇਲਾਵਾ ਲੋਕਾਂ ਅਤੇ ਦੁਨੀਆ ਦੇ ਭਲੇ ਦੇ ਮੱਦੇਨਜ਼ਰ ਚੁਣੌਤੀਪੂਰਨ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਿਆ ਹੋਵੇ। ਜ਼ਿਕਰਯੋਗ ਹੈ ਕਿ 2022 ‘ਚ ਸਿਰਫ਼ 33 ਸਾਲ ਦੀ ਉਮਰ ‘ਚ ਚੱਢਾ ਰਾਜ ਸਭਾ ‘ਚ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਬਣੇ, ਜਿੱਥੇ ਉਹ ਪੰਜਾਬ ਸੂਬੇ ਦੀ ਨੁਮਾਇੰਦਗੀ ਕਰਦੇ ਹਨ। ਪੁਰਸਕਾਰ ਸਮਾਰੋਹ ਲੰਡਨ ਵਿਚ 25 ਜਨਵਰੀ 2023 ਨੂੰ ਆਯੋਜਿਤ ਕੀਤਾ ਜਾਵੇਗਾ। ਪਿਛਲੇ ਸਾਲ ਚੱਢਾ ਨੂੰ ਵਿਸ਼ਵ ਆਰਥਿਕ ਫੋਰਮ ਵਲੋਂ ਨੌਜਵਾਨ ਗਲੋਬਲ ਲੀਡਰ ਵਜੋਂ ਸਨਮਾਨਤ ਕੀਤਾ ਗਿਆ ਸੀ। ਰਾਘਵ ਚੱਢਾ ਨੂੰ ਸਰਕਾਰ ਅਤੇ ਰਾਜਨੀਤੀ ਵਿਚ ਖਾਸ ਪ੍ਰਾਪਤੀਆਂ ‘ਤੇ ਇਸ ਐਵਾਰਡ ਲਈ ਚੁਣਿਆ ਗਿਆ ਹੈ।