ਨਵੀਂ ਦਿੱਲੀ, 23 ਜਨਵਰੀ, ਦੇਸ਼ ਕਲਿੱਕ ਬਿਓਰੋ :
ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਆਹ ਕਰਾਉਣ ਪਹੁੰਚੇ ਲਾੜੇ ਨੂੰ ਲੜਕੀ ਨੇ ਇਸ ਕਰਕੇ ਵਿਆਹ ਤੋਂ ਜਵਾਬ ਦੇ ਦਿੱਤਾ ਕਿ ਉਹ 2100 ਰੁਪਏ ਵੀ ਨਹੀਂ ਗਿਣ ਸਕਿਆ। ਇਹ ਮਾਮਲਾ ਉਤਰ ਪ੍ਰਦੇਸ਼ ਦਾ ਹੈ। ਵਿਆਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਲੜਕਾ ਬਾਰਾਤ ਲੈ ਕੇ ਪਹੁੰਚ ਚੁੱਕਿਆ ਸੀ। ਇਸ ਦੌਰਾਨ ਜਦੋਂ ਰਸਮਾਂ ਦੀਆਂ ਤਿਆਰੀਆਂ ਚਲ ਰਹੀਆਂ ਸਨ ਤਾਂ ਸਭ ਕੁਝ ਬਦਲ ਗਿਆ। ਇਹ ਮਾਮਲਾ ਦੋ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ। ਮੈਨਪੁਰੀ ਜ਼ਿਲ੍ਹੇ ਤੋਂ ਜਦੋਂ ਬਰਾਤ ਪਹੁੰਚੀ ਤਾਂ ਸ਼ਾਨਦਾਰ ਸਵਾਗਤ ਹੋਇਆ। ਬਰਾਤ ਪਹੁੰਚੀ ਤਾਂ ਖਾਣ-ਪੀਣ ਸ਼ੁਰੂ ਹੋ ਗਿਆ।
ਇਸ ਸਮੇਂ ਦੌਰਾਨ ਰਸਮ ਵੀ ਸ਼ੁਰੂ ਹੋ ਗਈ। ਇਸ ਦੌਰਾਨ ਲੜਕੀ ਦੇ ਭਰਾ ਨੇ ਵਿਆਹੁਣ ਆਏ ਲੜਕੇ ਨੂੰ 2100 ਰੁਪਏ ਫੜ੍ਹਾ ਦਿੱਤੇ ਅਤੇ ਗਿਣਨ ਨੂੰ ਕਿਹਾ। ਕਾਫੀ ਦੇਰ ਤੱਕ ਲੜਕਾ ਨੋਟਾਂ ਨੂੰ ਪਲਟਦਾ ਰਿਹਾ, ਪ੍ਰੰਤੂ ਉਹ ਰੁਪਏ ਨਾ ਗਿਣ ਸਕਿਆ। ਇਹ ਦੇਖ ਲੜਕੀ ਦਾ ਭਰਾ ਹੈਰਾਨ ਰਹਿ ਗਿਆ ਅਤੇ ਇਸ ਦੀ ਜਾਣਕਾਰੀ ਉਸ ਨੇ ਆਪਣੀ ਭੈਣ ਨੂੰ ਦੇ ਦਿੱਤੀ। ਜਦੋਂ ਲੜਕੀ ਨੂੰ ਪਤਾ ਲੱਗਿਆ ਕਿ ਉਸਦਾ ਹੋਣ ਵਾਲਾ ਪਤੀ ਅੰਗੂਠਾਛਾਪ ਹੈ ਤਾਂ ਉਸ ਨੇ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ। ਲੜਕੀ ਨੇ ਕਿਹਾ, ‘ਮੈਂ ਕਿਸੇ ਅੰਗੂਠਾਛਾਪ ਨਾਲ ਵਿਆਹ ਨਹੀਂ ਕਰ ਸਕਦੀ। ਇਸ ਗੱਲ ਉਤੇ ਹੰਗਾਮਾ ਸ਼ੁਰੂ ਹੋ ਗਿਆ। ਜਦੋਂ ਗੱਲ ਵਧਣ ਲੱਗੀ ਤਾਂ ਪੁਲਿਸ ਨੂੰ ਬੁਲਾਇਆ ਗਿਆ। ਖਬਰ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਦੋਵਾਂ ਪੱਖਾਂ ਨੂੰ ਲੈ ਕੇ ਪੁਲਿਸ ਕੋਤਵਾਲੀ ਆ ਗਈ। ਬਾਅਦ ਵਿੱਚ ਪੰਚਾਇਤ ਪਹੁੰਚੀ। ਲੈਣ ਦੇਣ ਦੀ ਪੰਚਾਇਤ ਹੋਣ ਦੇ ਬਾਅਦ ਲੜਕਾਂ ਬਿਨਾਂ ਵਿਆਹ ਦੇ ਵਾਪਸ ਮੁੜ ਗਿਆ।