ਈਟਾਨਗਰ,23 ਜਨਵਰੀ,ਦੇਸ਼ ਕਲਿਕ ਬਿਊਰੋ:
ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਅੱਜ ਸੋਮਵਾਰ ਸਵੇਰੇ ਅਰੁਣਾਚਲ ਪ੍ਰਦੇਸ਼ ਪਹੁੰਚ ਗਏ। ਇੱਥੇ ਉਨ੍ਹਾਂ ਨੇ ਚੀਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਜਨਰਲ ਪਾਂਡੇ ਨੇ ਐਲਏਸੀ ਦੇ ਨੇੜੇ ਸੰਵੇਦਨਸ਼ੀਲ ਖੇਤਰਾਂ ਦਾ ਜਾਇਜ਼ਾ ਵੀ ਲਿਆ। ਜਨਰਲ ਪਾਂਡੇ ਦਾ ਇਹ ਮਹੱਤਵਪੂਰਨ ਦੌਰਾ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਐਲਏਸੀ ਨੇੜੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ ਦੇ ਕਰੀਬ ਡੇਢ ਮਹੀਨੇ ਬਾਅਦ ਹੋਇਆ ਹੈ।ਦੱਸਿਆ ਗਿਆ ਹੈ ਕਿ ਜਨਰਲ ਪਾਂਡੇ ਨੇ ਪੂਰਬੀ ਅਰੁਣਾਚਲ ਵਿੱਚ ਐਲਏਸੀ ਦੇ ਨੇੜੇ ਤਾਇਨਾਤ ਸੈਨਿਕਾਂ ਦੀਆਂ ਤਿਆਰੀਆਂ ਨੂੰ ਦੇਖਿਆ। ਉਨ੍ਹਾਂ ਸਰਹੱਦ 'ਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ। ਫੌਜ ਮੁਖੀ ਨੇ ਜਵਾਨਾਂ ਨੂੰ ਚੌਕਸੀ ਵਧਾਉਣ ਅਤੇ ਚੌਕਸੀ ਰੱਖਣ ਦੇ ਗੁਰ ਵੀ ਦੱਸੇ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜਨਰਲ ਪਾਂਡੇ ਨੇ ਕੋਲਕਾਤਾ 'ਚ ਈਸਟਰਨ ਕਮਾਂਡ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਸੀ। ਇੱਥੇ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਅਧਿਕਾਰੀਆਂ ਨਾਲ ਭਾਰਤ ਦੀਆਂ ਫੌਜੀ ਤਿਆਰੀਆਂ ਦੀ ਸਮੀਖਿਆ ਕੀਤੀ ਸੀ।