WFI ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਜਾਂਚ ਪੂਰੀ ਹੋਣ ਤੱਕ ਫੈਡਰੇਸ਼ਨ ਦਾ ਕੰਮ ਨਹੀਂ ਦੇਖਣਗੇ
ਨਵੀਂ ਦਿੱਲੀ,21 ਜਨਵਰੀ,ਦੇਸ਼ ਕਲਿਕ ਬਿਊਰੋ:
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ ਪਹਿਲਵਾਨਾਂ ਦੀ ਤਿੰਨ ਰੋਜ਼ਾ ਧਰਨਾ ਰਾਤ 1 ਵਜੇ ਖਤਮ ਹੋ ਗਿਆ। ਇਹ ਫੈਸਲਾ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਪਹਿਲਵਾਨਾਂ ਵਿਚਾਲੇ 7 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਲਿਆ ਗਿਆ। ਅਨੁਰਾਗ ਠਾਕੁਰ ਨੇ ਦੱਸਿਆ ਕਿ ਜਾਂਚ ਕਮੇਟੀ ਬਣਾਈ ਜਾਵੇਗੀ। ਇਹ 4 ਹਫ਼ਤਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੇ ਮੈਂਬਰਾਂ ਦਾ ਐਲਾਨ ਅੱਜ ਸ਼ਨੀਵਾਰ ਨੂੰ ਕੀਤਾ ਜਾਵੇਗਾ। ਜਾਂਚ ਪੂਰੀ ਹੋਣ ਤੱਕ ਬ੍ਰਿਜ ਭੂਸ਼ਣ ਸਿੰਘ ਫੈਡਰੇਸ਼ਨ ਦਾ ਕੰਮ ਨਹੀਂ ਦੇਖਣਗੇ। ਇਹ ਕਮੇਟੀ WFI ਦੇ ਕੰਮਕਾਜ ਦੀ ਨਿਗਰਾਨੀ ਕਰੇਗੀ। ਬ੍ਰਿਜ ਭੂਸ਼ਣ ਨੇ ਜਾਂਚ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ ਹੈ।ਇਸ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਕੇਂਦਰੀ ਖੇਡ ਮੰਤਰੀ ਨੇ ਸਾਡੀਆਂ ਮੰਗਾਂ ਸੁਣੀਆਂ ਅਤੇ ਸਹੀ ਜਾਂਚ ਦਾ ਭਰੋਸਾ ਦਿੱਤਾ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਸਾਨੂੰ ਉਮੀਦ ਹੈ ਕਿ ਨਿਰਪੱਖ ਜਾਂਚ ਹੋਵੇਗੀ, ਇਸ ਲਈ ਅਸੀਂ ਧਰਨਾ ਖਤਮ ਕਰ ਰਹੇ ਹਾਂ।