ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਈਐਸਬੀ ਮੁਹਾਲੀ ਵਿਖੇ ਨਿਯੁਕਤੀ ਪੱਤਰ ਵੰਡੇ
ਚੰਡੀਗੜ੍ਹ: 20 ਜਨਵਰੀ, ਦੇਸ਼ ਕਲਿੱਕ ਬਿਓਰੋ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵੇਂ ਭਰਤੀ ਕੀਤੇ ਗਏ ਲਗਭਗ 71,000 ਨਵ-ਨਿਯੁਕਤਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਨਿਯੁਕਤੀ ਪੱਤਰ ਵੰਡੇ। ਰੋਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਸਿਰਜਣ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ ਦੀ ਪ੍ਰਤੀਬੱਧਤਾ ਦੀ ਪੂਰਤੀ ਦੀ ਦਿਸ਼ਾ ਵੱਲ ਇੱਕ ਕਦਮ ਹੈ। ਉਮੀਦ ਹੈ ਕਿ ਰੋਜ਼ਗਾਰ ਮੇਲਾ ਹੋਰ ਰੋਜ਼ਗਾਰ ਸਿਰਜਣ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰੇਗਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 2023 ਦਾ ਪਹਿਲਾ ਰੋਜ਼ਗਾਰ ਮੇਲਾ ਹੈ ਜੋ 71,000 ਪਰਿਵਾਰਾਂ ਲਈ ਸਰਕਾਰੀ ਖੇਤਰ ਵਿੱਚ ਰੋਜ਼ਗਾਰ ਦਾ ਅਨਮੋਲ ਤੋਹਫ਼ਾ ਲੈ ਕੇ ਆਇਆ ਹੈ। ਪ੍ਰਧਾਨ ਮੰਤਰੀ ਨੇ ਨਵ-ਨਿਯੁਕਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਰੋਜ਼ਗਾਰ ਦੇ ਇਹ ਮੌਕੇ ਨਾ ਸਿਰਫ਼ ਨਿਯੁਕਤੀਆਂ ਵਿੱਚ ਬਲਕਿ ਕਰੋੜਾਂ ਪਰਿਵਾਰਾਂ ਵਿੱਚ ਵੀ ਉਮੀਦ ਦੀ ਇੱਕ ਨਵੀਂ ਕਿਰਨ ਪੈਦਾ ਕਰਨਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੱਖਾਂ ਨਵੇਂ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ ਕਿਉਂਕਿ ਐੱਨਡੀਏ ਸ਼ਾਸਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰੋਜ਼ਗਾਰ ਮੇਲੇ ਨਿਯਮਿਤ ਤੌਰ 'ਤੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸਾਮ ਸਰਕਾਰ ਨੇ ਕੱਲ੍ਹ ਹੀ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਸੀ ਅਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਉੱਤਰਾਖੰਡ ਜਿਹੇ ਰਾਜ ਬਹੁਤ ਜਲਦੀ ਇਸ ਦਾ ਆਯੋਜਨ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਨਿਯਮਿਤ ਰੋਜ਼ਗਾਰ ਮੇਲੇ ਇਸ ਸਰਕਾਰ ਦੀ ਪਹਿਚਾਣ ਬਣ ਗਏ ਹਨ। ਉਹ ਦਰਸਾਉਂਦੇ ਹਨ ਕਿ ਇਸ ਸਰਕਾਰ ਨੇ ਜੋ ਵੀ ਸੰਕਲਪ ਲਿਆ ਹੈ, ਉਹ ਸਾਕਾਰ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਵੇਂ ਨਿਯੁਕਤ ਕੀਤੇ ਗਏ ਉਮੀਦਵਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਸੰਤੁਸ਼ਟੀ ਸਪੱਸ਼ਟ ਤੌਰ 'ਤੇ ਦੇਖ ਸਕਦੇ ਹਨ ਅਤੇ ਨੋਟ ਕੀਤਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਉਮੀਦਵਾਰ ਆਮ ਪਿਛੋਕੜ ਤੋਂ ਆਏ ਹਨ ਅਤੇ ਬਹੁਤ ਸਾਰੇ ਆਪਣੇ ਪਰਿਵਾਰ ਵਿੱਚ ਪੰਜ ਪੀੜ੍ਹੀਆਂ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਪਰ੍ਹੇ ਦੀ ਗੱਲ ਹੈ। ਉਮੀਦਵਾਰ ਖੁਸ਼ ਹਨ ਕਿ ਇੱਕ ਪਾਰਦਰਸ਼ੀ ਅਤੇ ਸਪੱਸ਼ਟ ਭਰਤੀ ਪ੍ਰਕਿਰਿਆ ਦੁਆਰਾ, ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਤੁਸੀਂ ਭਰਤੀ ਪ੍ਰਕਿਰਿਆ ਵਿੱਚ ਇੱਕ ਵੱਡੇ ਬਦਲਾਅ ਨੂੰ ਮਹਿਸੂਸ ਕੀਤਾ ਹੋਵੇਗਾ। ਕੇਂਦਰੀ ਨੌਕਰੀਆਂ ਵਿੱਚ, ਭਰਤੀ ਪ੍ਰਕਿਰਿਆ ਵਧੇਰੇ ਸੁਚਾਰੂ ਅਤੇ ਸਮਾਂਬੱਧ ਹੋ ਗਈ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਗਤੀ ਅੱਜ ਸਰਕਾਰ ਦੇ ਕੰਮਕਾਜ ਦੇ ਹਰ ਪਹਿਲੂ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਰੁਟੀਨ ਦੀਆਂ ਤਰੱਕੀਆਂ ਵੀ ਦੇਰੀ ਅਤੇ ਵਿਵਾਦਾਂ ਵਿੱਚ ਫਸੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਅਜਿਹੇ ਮੁੱਦਿਆਂ ਨੂੰ ਹੱਲ ਕੀਤਾ ਹੈ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ "ਪਾਰਦਰਸ਼ੀ ਭਰਤੀ ਅਤੇ ਤਰੱਕੀ ਨੌਜਵਾਨਾਂ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ।”
ਨਵ-ਨਿਯੁਕਤਾਂ ਦੀ ਯਾਤਰਾ ਅਤੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਯਾਦ ਰੱਖਣ ਲਈ ਪ੍ਰੇਰਿਤ ਕੀਤਾ ਕਿ ਕਿਹੜੀ ਚੀਜ਼ ਉਨ੍ਹਾਂ ਨੂੰ ਇੱਥੇ ਲੈ ਕੇ ਆਈ ਹੈ ਅਤੇ ਉਨ੍ਹਾਂ ਨੂੰ ਹਮੇਸ਼ਾਂ ਸਿੱਖਦੇ ਰਹਿਣ ਅਤੇ ਸੇਵਾ ਕਰਦੇ ਰਹਿਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ "ਤੁਹਾਨੂੰ ਦੇਸ਼ ਨੂੰ ਅੱਗੇ ਲਿਜਾਣ ਲਈ ਸਿੱਖਣਾ ਅਤੇ ਆਪਣੇ ਆਪ ਨੂੰ ਸਮਰੱਥ ਬਣਾਉਣਾ ਹੋਵੇਗਾ।”
ਇੰਡੀਅਨ ਸਕੂਲ ਆਵੑ ਬਿਜ਼ਨਸ, ਮੋਹਾਲੀ ਵਿਖੇ, ਮਾਣਯੋਗ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਇਸ ਮੌਕੇ 'ਤੇ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਨਵ-ਨਿਯੁਕਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ, “ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਇੱਕ ਵਰਲਡ ਲੀਡਰ ਵਜੋਂ ਉੱਭਰੇਗਾ। ਨਵੀਂ ਭਰਤੀ ਭਾਰਤ ਨੂੰ ਨਵੀਂ ਵਿਸ਼ਵ ਵਿਵਸਥਾ ਵਿੱਚ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗੀ।” ਆਈਐੱਸਬੀ, ਮੋਹਾਲੀ ਵਿਖੇ 25 ਨਵੇਂ ਚੁਣੇ ਗਏ ਰੰਗਰੂਟਾਂ ਨੂੰ ਉਨ੍ਹਾਂ ਆਪਣੇ ਹੱਥੀਂ ਨਿਯੁਕਤੀ ਪੱਤਰ ਸੌਂਪੇ।