ਨਵੀਂ ਦਿੱਲੀ,20 ਜਨਵਰੀ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 71,000 ਲੋਕਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਇਨ੍ਹਾਂ ਲੋਕਾਂ ਨਾਲ ਗੱਲਬਾਤ ਵੀ ਕਰਨਗੇ। ਇਹ ਲੋਕ ਹਾਲ ਹੀ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਭਰਤੀ ਹੋਏ ਹਨ। ਇਹ 'ਰੋਜ਼ਗਾਰ ਮੇਲਾ' ਮੁਹਿੰਮ ਦਾ ਹਿੱਸਾ ਹੈ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 10 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਕਿਹਾ ਕਿ ਇਹ ਰੋਜ਼ਗਾਰ ਸਿਰਜਣ ਨੂੰ ਪ੍ਰਮੁੱਖ ਤਰਜੀਹ ਦੇਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ।ਦੇਸ਼ ਭਰ 'ਚੋਂ ਚੁਣੇ ਗਏ ਇਨ੍ਹਾਂ ਲੋਕਾਂ ਨੂੰ ਜੂਨੀਅਰ ਇੰਜੀਨੀਅਰ, ਲੋਕੋ ਪਾਇਲਟ, ਟੈਕਨੀਸ਼ੀਅਨ, ਇੰਸਪੈਕਟਰ, ਸਬ-ਇੰਸਪੈਕਟਰ, ਕਾਂਸਟੇਬਲ, ਸਟੈਨੋਗ੍ਰਾਫਰ, ਜੂਨੀਅਰ ਲੇਖਾਕਾਰ, ਗ੍ਰਾਮੀਣ ਡਾਕ ਸੇਵਕ, ਇਨਕਮ ਟੈਕਸ ਇੰਸਪੈਕਟਰ, ਅਧਿਆਪਕ, ਨਰਸ, ਡਾਕਟਰ, ਸਮਾਜਿਕ ਸੁਰੱਖਿਆ ਅਧਿਕਾਰੀ ਸਮੇਤ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਵੱਖ-ਵੱਖ ਅਹੁਦਿਆਂ 'ਤੇ ਸ਼ਾਮਲ ਹੋਣਗੇ।