ਕੋਲਕਾਤਾ,16 ਜਨਵਰੀ,ਦੇਸ਼ ਕਲਿਕ ਬਿਊਰੋ:
ਕਲਕੱਤਾ ਹਾਈ ਕੋਰਟ ਵਿੱਚ ਦੇਸ਼ ਦੇ ਸਭ ਤੋਂ ਪੁਰਾਣੇ ਮੁਕੱਦਮਿਆਂ ਵਿੱਚੋਂ ਇੱਕ ਦਾ ਆਖਿਰਕਾਰ 72 ਸਾਲਾਂ ਬਾਅਦ ਨਿਪਟਾਰਾ ਹੋ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕਲਕੱਤਾ ਹਾਈ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦਾ ਜਨਮ ਕੇਸ ਦਰਜ ਹੋਣ ਤੋਂ ਇੱਕ ਦਹਾਕਾ ਬਾਅਦ ਹੋਇਆ ਸੀ। ਫਿਲਹਾਲ, ਕਲਕੱਤਾ ਹਾਈ ਕੋਰਟ ਨੂੰ ਰਾਹਤ ਮਿਲੇਗੀ ਕਿ ਬਰਹਾਮਪੁਰ ਬੈਂਕ ਲਿਮਟਿਡ ਦੀ ਕਾਰਵਾਈ ਨੂੰ ਖਤਮ ਕਰਨ ਨਾਲ ਸਬੰਧਤ ਮੁਕੱਦਮੇ ਦਾ ਅੰਤ ਹੋ ਗਿਆ ਹੈ।ਬਰਹਾਮਪੁਰ ਬੈਂਕ ਨੂੰ ਬੰਦ ਕਰਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 1 ਜਨਵਰੀ 1951 ਨੂੰ ਦਾਇਰ ਕੀਤੀ ਗਈ ਸੀ ਅਤੇ ਉਸੇ ਦਿਨ 'ਕੇਸ ਨੰਬਰ 71/1951' ਵਜੋਂ ਦਰਜ ਕੀਤਾ ਗਿਆ ਸੀ। ਬਰਹਾਮਪੁਰ ਬੈਂਕ ਕਰਜ਼ਦਾਰਾਂ ਤੋਂ ਪੈਸੇ ਦੀ ਵਸੂਲੀ ਲਈ ਕਈ ਮੁਕੱਦਮਿਆਂ ਵਿੱਚ ਉਲਝਿਆ ਹੋਇਆ ਸੀ। ਇਨ੍ਹਾਂ 'ਚੋਂ ਬਹੁਤ ਸਾਰੇ ਕਰਜ਼ਦਾਰਾਂ ਨੇ ਬੈਂਕ ਦੇ ਦਾਅਵਿਆਂ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਦਾ ਰੁਖ ਕੀਤਾ ਸੀ।