ਲਖਨਊ, 15 ਜਨਵਰੀ, ਦੇਸ਼ ਕਲਿਕ ਬਿਊਰੋ:
ਮਾਇਆਵਤੀ ਨੇ ਆਪਣੇ ਜਨਮ ਦਿਨ ਮੌਕੇ ਅੱਜ ਕਿਹਾ ਕਿ ਬਸਪਾ ਅਗਲੇ ਸਾਲ ਹੋਣ ਵਾਲੀਆਂ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ ਅਤੇ ਆਪਣੇ ਬਲਬੂਤੇ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਸਾਰੀ ਖੇਡ ਈਵੀਐਮ ‘ਚ ਗੜਬੜੀ ਦੀ ਹੈ।ਮਾਇਆਵਤੀ ਅੱਜ ਐਤਵਾਰ ਨੂੰ ਪਾਰਟੀ ਦੇ ਸੂਬਾ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜਾਤੀਵਾਦੀ ਅਤੇ ਸੌੜੀ ਸੋਚ ਵਾਲੀਆਂ ਤਾਕਤਾਂ ਕੋਝੀਆਂ ਸਾਜ਼ਿਸ਼ਾਂ ਰਚ ਕੇ ਬਸਪਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਗਲੋਬਲ ਸਮਿਟ ਦੇ ਨਾਂ 'ਤੇ ਆ ਰਿਹਾ ਇਹ ਨਿਵੇਸ਼ ਭਾਜਪਾ ਦੀਆਂ ਮਾੜੀਆਂ ਨੀਤੀਆਂ 'ਤੇ ਪਰਦਾ ਪਾਉਣ ਲਈ ਸਿਰਫ਼ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਹਲਦਵਾਨੀ ਵਿੱਚ ਲੋਕਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਦੀ ਆੜ ਵਿੱਚ ਗੰਦੀ ਖੇਡ ਖੇਡੀ ਜਾ ਰਹੀ ਹੈ।