ਨਵੀਂ ਦਿੱਲੀ,15 ਜਨਵਰੀ,ਦੇਸ਼ ਕਲਿਕ ਬਿਊਰੋ:
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜੇਲ੍ਹ ਤੋਂ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਗੈਂਗਸਟਰ ਜਏਸ਼ ਕਾਂਥਾ ਹੈ ਜੋ ਕਤਲ ਦਾ ਮੁਲਜ਼ਮ ਹੈ। ਫਿਲਹਾਲ ਉਹ ਕਰਨਾਟਕ ਦੀ ਬੇਲਗਾਵੀ ਜੇਲ੍ਹ ਵਿੱਚ ਬੰਦ ਹੈ। ਉਥੇ ਉਹ ਗੈਰ-ਕਾਨੂੰਨੀ ਢੰਗ ਨਾਲ ਫੋਨ ਦੀ ਵਰਤੋਂ ਕਰ ਰਿਹਾ ਸੀ। ਮੁਲਜ਼ਮ ਕੋਲੋਂ ਇੱਕ ਡਾਇਰੀ ਵੀ ਬਰਾਮਦ ਹੋਈ ਹੈ। ਨਾਗਪੁਰ ਪੁਲਿਸ ਨੇ ਪੁੱਛਗਿੱਛ ਲਈ ਜੇਲ੍ਹ ਪ੍ਰਸ਼ਾਸਨ ਤੋਂ ਰਿਮਾਂਡ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਨਿਤਿਨ ਗਡਕਰੀ ਦੇ ਨਾਗਪੁਰ ਸਥਿਤ ਦਫਤਰ ਵਿੱਚ ਸ਼ਨੀਵਾਰ ਨੂੰ ਤਿੰਨ ਧਮਕੀ ਭਰੇ ਫੋਨ ਆਏ। ਪਹਿਲਾ ਸਵੇਰੇ 11.25 ਵਜੇ, ਫਿਰ 11.32 ਵਜੇ ਅਤੇ ਤੀਜਾ ਦੁਪਹਿਰ 12.32 ਵਜੇ। ਕਾਲਾਂ BSNL ਨੈੱਟਵਰਕ ਤੋਂ ਕੀਤੀਆਂ ਗਈਆਂ ਸਨ। ਧਮਕੀ ਮਿਲਣ ਤੋਂ ਬਾਅਦ ਗਡਕਰੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੇ ਪ੍ਰੋਗਰਾਮ ਸਥਾਨਾਂ 'ਤੇ ਵੀ ਜ਼ਿਆਦਾ ਸੁਰੱਖਿਆ ਤਾਇਨਾਤ ਕੀਤੀ ਗਈ ਹੈ।