ਤਿੰਨ ਕੌਮੀ ਮਾਰਗਾਂ ਸਮੇਤ 200 ਸੜਕਾਂ ਬੰਦ, ਕਈ ਇਲਾਕਿਆਂ ‘ਚ ਬਲੈਕਆਊਟ
ਪੁਲਿਸ ਪ੍ਰਸ਼ਾਸਨ ਵੱਲੋਂ ਉੱਪਰੀ ਇਲਾਕਿਆਂ ਵਿੱਚ ਬਰਫ਼ਬਾਰੀ ਨੂੰ ਲੈ ਕੇ ਅਲਰਟ ਜਾਰੀ
ਸ਼ਿਮਲਾ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਸ਼ਿਮਲਾ, ਚੰਬਾ, ਕੁੱਲੂ, ਲਾਹੌਲ-ਸਪੀਤੀ, ਮੰਡੀ ਅਤੇ ਕਿਨੌਰ 'ਚ ਬਰਫਬਾਰੀ ਕਾਰਨ ਆਮ ਜਨਜੀਵਨ ਠੱਪ ਹੋ ਗਿਆ ਹੈ। ਤਾਜ਼ਾ ਬਰਫ਼ਬਾਰੀ ਕਾਰਨ ਸੂਬੇ ਵਿੱਚ ਤਿੰਨ ਕੌਮੀ ਮਾਰਗਾਂ ਸਮੇਤ 200 ਸੜਕਾਂ ਬੰਦ ਹੋ ਗਈਆਂ ਹਨ। 487 ਬਿਜਲੀ ਦੇ ਟਰਾਂਸਫਾਰਮਰ ਠੱਪ ਹੋ ਚੁੱਕੇ ਹਨ। ਕਈ ਇਲਾਕਿਆਂ ਵਿੱਚ ਬਲੈਕਆਊਟ ਹੋ ਗਿਆ ਹੈ। ਰਾਜਧਾਨੀ ਸ਼ਿਮਲਾ ਦੀ ਸਭ ਤੋਂ ਉੱਚੀ ਚੋਟੀ ਜਾਖੂ 'ਤੇ ਸ਼ੁੱਕਰਵਾਰ ਤੜਕੇ ਮੌਸਮ ਦੀ ਪਹਿਲੀ ਬਰਫਬਾਰੀ ਹੋਈ।ਜਾਖੂ ਦੀ ਪਹਾੜੀ ਬਰਫ਼ ਪੈਣ ਨਾਲ ਚਿੱਟੀ ਹੋ ਗਈ ਹੈ। ਸ਼ਹਿਰ ਵਿੱਚ ਹਲਕੀ ਬਾਰਿਸ਼ ਜਾਰੀ ਹੈ। ਵੀਰਵਾਰ ਰਾਤ ਤੋਂ ਕੁਫਰੀ, ਨਾਰਕੰਡਾ, ਖੜਾਪੱਥਰ ਅਤੇ ਖੀਰਕੀ ਵਿੱਚ ਬਰਫਬਾਰੀ ਜਾਰੀ ਹੈ। ਅੱਪਰ ਸ਼ਿਮਲਾ ਲਈ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ।ਬਰਫ਼ਬਾਰੀ ਕਾਰਨ ਤਿਲਕਣ ਵਧਣ ਕਾਰਨ ਛੋਟੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਸੀਜ਼ਨ ਦੀ ਪਹਿਲੀ ਬਰਫਬਾਰੀ ਦੇਖਣ ਲਈ ਰਾਜਧਾਨੀ ਸ਼ਿਮਲਾ 'ਚ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ। ਸ਼ਹਿਰ ਦੇ ਹੋਟਲਾਂ ਵਿੱਚ ਬੁਕਿੰਗ ਵਧ ਗਈ ਹੈ। ਕਾਰੋਬਾਰ ਵੀ ਵਧਿਆ ਹੈ।ਪੁਲਿਸ ਪ੍ਰਸ਼ਾਸਨ ਨੇ ਰਾਜਧਾਨੀ ਸ਼ਿਮਲਾ ਦੇ ਉੱਪਰੀ ਇਲਾਕਿਆਂ ਵਿੱਚ ਬਰਫ਼ਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪੁਲਿਸ ਨੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਬਰਫ਼ਬਾਰੀ ਤੋਂ ਬਾਅਦ ਨਾਰਕੰਡਾ-ਬਾਘੀ-ਖਦਰਾਲਾ ਸੜਕ ਦੀ ਹਾਲਤ ਤਿਲਕਣ ਵਾਲੀ ਹੋ ਗਈ ਹੈ, ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਫੋਨ ਨੰਬਰਾਂ 01772812344 ਅਤੇ 112 ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਸੂਬੇ ਦੇ ਉਚਾਈ ਵਾਲੇ ਇਲਾਕਿਆਂ ਦੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।ਲਾਹੋਲ ਦੇ ਕੋਕਸਰ ਵਿੱਚ 10 ਸੈਂਟੀਮੀਟਰ, ਅਟਲ ਸੁਰੰਗ ਦੇ ਉੱਤਰੀ ਪੋਰਟਲ ਵਿੱਚ 8 ਸੈਂਟੀਮੀਟਰ, ਸਿਸੂ ਵਿੱਚ 8 ਸੈਂਟੀਮੀਟਰ, ਰੋਹਤਾਂਗ ਵਿੱਚ 30 ਸੈਂਟੀਮੀਟਰ, ਗੋਂਧਲਾ ਵਿੱਚ 12 ਸੈਂਟੀਮੀਟਰ, ਦੱਖਣੀ ਪੋਰਟਲ ਵਿੱਚ 25 ਸੈਂਟੀਮੀਟਰ ਅਤੇ ਦਾਰਚਾ ਵਿੱਚ 12 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ। ਬਰਫਬਾਰੀ ਕਾਰਨ ਲਾਹੌਲ ਦੀਆਂ ਸਾਰੀਆਂ ਸੜਕਾਂ ਬੰਦ ਹੋ ਗਈਆਂ ਹਨ। ਅਟਲ ਸੁਰੰਗ ਤੋਂ ਵੀ ਆਵਾਜਾਈ ਰੋਕ ਦਿੱਤੀ ਗਈ ਹੈ।