ਨਵੀਂ ਦਿੱਲੀ,13 ਜਨਵਰੀ,ਦੇਸ਼ ਕਲਿਕ ਬਿਊਰੋ:
ਜੇਡੀਯੂ ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਸ਼ਰਦ ਯਾਦਵ ਦੀ ਬੇਟੀ ਸ਼ੁਭਾਸ਼ਿਨੀ ਯਾਦਵ ਨੇ ਇਹ ਜਾਣਕਾਰੀ ਦਿੱਤੀ। ਸ਼ੁਭਾਸ਼ਿਨੀ ਨੇ ਟਵੀਟ ਕਰਦਿਆਂ ਲਿਖਿਆ, 'ਪਾਪਾ ਨਹੀਂ ਰਹੇ'।ਉਹ 75 ਸਾਲ ਦੇ ਸਨ। ਸ਼ਰਦ ਯਾਦਵ ਦੀ ਸਿਹਤ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਸੀ। ਵੀਰਵਾਰ ਸ਼ਾਮ ਨੂੰ ਉਨ੍ਹਾਂ ਦੀ ਤਬੀਅਤ ਵਿਗੜਨ 'ਤੇ ਉਨ੍ਹਾਂ ਨੂੰ ਦਿੱਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।ਰਾਤ 9 ਵਜੇ ਉਨ੍ਹਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਨਿਤੀਸ਼ ਕੁਮਾਰ, ਲਾਲੂ ਯਾਦਵ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਵਿਰੋਧੀ ਧਿਰ ਦੇ ਨੇਤਾ ਵਿਜੇ ਸਿਨਹਾ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।ਸ਼ਰਦ ਯਾਦਵ ਉਨ੍ਹਾਂ ਨੇਤਾਵਾਂ ਵਿਚ ਸ਼ਾਮਲ ਹਨ ਜੋ ਲਾਲੂ ਪ੍ਰਸਾਦ ਅਤੇ ਨਿਤੀਸ਼ ਕੁਮਾਰ ਦੋਵਾਂ ਦੇ ਨਾਲ ਰਹੇ। ਨਿਤੀਸ਼ ਕੁਮਾਰ ਨਾਲ ਸਿਆਸੀ ਸਬੰਧ ਵਿਗੜਨ ਤੋਂ ਬਾਅਦ ਸ਼ਰਦ ਯਾਦਵ ਅਲੱਗ-ਥਲੱਗ ਪੈ ਗਏ ਸਨ।