ਰਾਂਚੀ, 12 ਜਨਵਰੀ, ਦੇਸ਼ ਕਲਿਕ ਬਿਊਰੋ :
ਝਾਰਖੰਡ 'ਚ ਮਜ਼ਦੂਰਾਂ ਨਾਲ ਭਰੀ ਪਿਕਅੱਪ ਪਲਟਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸਾ ਵੀਰਵਾਰ ਸਵੇਰੇ ਕਰੀਬ 7 ਵਜੇ ਵਾਪਰਿਆ। ਰਾਜਨਗਰ ਥਾਣਾ ਖੇਤਰ ਦੇ ਖੈਰਬਾਨੀ ਪਿੰਡ ਨੇੜੇ ਪਿਕਅੱਪ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਦੀ ਰਫਤਾਰ ਜ਼ਿਆਦਾ ਸੀ। ਇਸ ਕਾਰਨ ਇਹ ਮੌਤਾਂ ਹੋਈਆਂ ਹਨ।ਇਸ ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਬਹੁਤ ਧੁੰਦ ਛਾਈ ਹੋਈ ਸੀ। ਪਿਕਅੱਪ ਵੈਨ ਕਰੀਬ 20 ਮਜ਼ਦੂਰਾਂ ਨੂੰ ਲੈ ਕੇ ਕੰਮ ਵਾਲੀ ਥਾਂ ਵੱਲ ਜਾ ਰਹੀ ਸੀ। ਰਾਜਨਗਰ ਚਾਈਬਾਸਾ ਮੁੱਖ ਸੜਕ 'ਤੇ ਪਿਕਅੱਪ ਵੈਨ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਇਧਰ-ਉਧਰ ਖਿੱਲਰ ਗਈਆਂ। ਜ਼ਖਮੀ ਵੀ ਖੂਨ ਨਾਲ ਲੱਥਪੱਥ ਹਾਲਤ ਵਿਚ ਪਏ ਸਨ। ਘਟਨਾ ਦੀ ਸੂਚਨਾ ਰਾਜਨਗਰ ਪੁਲੀਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਰਵਾਨਾ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ। ਗੰਭੀਰ ਰੂਪ ਨਾਲ ਜ਼ਖਮੀ ਮਰੀਜ਼ਾਂ ਨੂੰ ਜਮਸ਼ੇਦਪੁਰ ਰੈਫਰ ਕਰ ਦਿੱਤਾ ਗਿਆ।